LPU ਤੋਂ ਬਾਅਦ Haveli 'ਤੇ ਵੱਡੀ ਕਾਰਵਾਈ, ਹਟਾਏ ਨਜਾਇਜ਼ ਕਬਜ਼ੇ

03/15/2018 11:55:52 AM

ਜਲੰਧਰ/ਫਗਵਾੜਾ (ਸੋਨੂੰ, ਮ੍ਰਿਦੁਲ ਸ਼ਰਮਾ, ਰੁਪਿੰਦਰ ਕੌਰ)— ਜਲੰਧਰ ਰੋਡ 'ਤੇ ਪੈਂਦੇ ਐੱਲ.ਪੀ.ਯੂ. (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਤੋਂ ਬਾਅਦ ਹੁਣ ਹਵੇਲੀ ਰੇਸਤਰਾਂ 'ਤੇ ਵੀ ਵੱਡੀ ਕਾਰਵਾਈ ਕੀਤੀ ਗਈ। ਕਪੂਰਥਲਾ ਦੀ ਜ਼ਿਲਾ ਅਦਾਲਤ ਦੀ ਮਹਿਲਾ ਜੱਜ ਮੰਜੂ ਰਾਣਾ ਨੇ ਹਵੇਲੀ ਦੇ ਬਾਹਰ ਬਣੇ ਗੈਰ-ਕਾਨੂੰਨੀ ਕਬਜ਼ਿਆਂ 'ਤੇ ਕਰੇਨ ਚਲਾ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਲੋਕ ਅਦਾਲਤ ਕਪੂਰਥਲਾ ਦੀ ਚੇਅਰਪਰਸਨ ਮੰਜੂ ਰਾਣਾ ਦੇ ਹੁਕਮਾਂ 'ਤੇ ਜਲੰਧਰ-ਫਗਵਾੜਾ ਹਾਈਵੇਅ'ਤੇ ਸਥਿਤ ਹਵੇਲੀ ਰੈਸਟੋਰੈਂਟ ਦੇ ਬਾਹਰ ਕੀਤੇ ਗਏ ਨਾਜਾਇਜ਼ ਨਿਰਮਾਣ ਨੂੰ ਡਿੱਚ ਚਲਾ ਕੇ ਹਟਵਾਇਆ ਗਿਆ। ਇਹ ਕਾਰਵਾਈ ਰਾਤ 10 ਵਜੇ ਦੇ ਕਰੀਬ ਕੀਤੀ ਗਈ। ਮੰਜੂ ਰਾਣਾ ਦਾ ਕਹਿਣਾ ਹੈ ਕਿ ਸਾਰੀ ਕਾਰਵਾਈ ਸਟੂਡੈਂਟਸ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਪਟੀਸ਼ਨ ਅਧੀਨ ਕੀਤੀ ਗਈ ਹੈ। ਚੇਅਰਪਰਸਨ ਨੇ ਆਪਣੀ ਹਾਜ਼ਰੀ ਵਿਚ ਸਾਰੀ ਕਾਰਵਾਈ ਕੀਤੀ।

ਹਵੇਲੀ ਗਰੁੱਪ ਦੇ ਮਾਲਕ ਸਤੀਸ਼ ਜੈਨ ਨੂੰ ਕੀਤਾ ਤਲਬ
ਜੱਜ ਰਾਣਾ ਨੇ ਦੱਸਿਆ ਕਿ ਉਨ੍ਹਾਂ ਕੋਲ ਟਾਊਨ ਪਲਾਨਰ ਦੀ ਜੋ ਸਟੇਟਮੈਂਟ ਆਈ ਹੈ, ਉਸ ਮੁਤਾਬਕ ਕੀਤਾ ਗਿਆ ਇਹ ਸਾਰਾ ਨਿਰਮਾਣ ਨਾਜਾਇਜ਼ ਹੈ। ਇਸ ਦਾ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਇਸ ਸਬੰਧ ਵਿਚ ਹਵੇਲੀ ਗਰੁੱਪ ਦੇ ਮਾਲਕ ਸਤੀਸ਼ ਜੈਨ ਨੂੰ ਤਲਬ ਕੀਤਾ ਗਿਆ ਹੈ ਕਿ ਉਹ ਜਾਇਜ਼ ਡਾਕੂਮੈਂਟਸ ਅਤੇ ਆਪਣਾ ਪੱਖ ਉਨ੍ਹਾਂ ਕੋਲ ਰੱਖੇ ਤਾਂ ਜੋ ਅਗਲੀ ਕਾਰਵਾਈ ਸਹੀ ਢੰਗ ਨਾਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਜੇ ਕਿਧਰੇ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਪੀ. ਡਬਲਯੂ. ਡੀ. ਨੂੰ ਕਹਿ ਕੇ ਹਵੇਲੀ ਗਰੁੱਪ ਦੇ ਰੈਸਟੋਰੈਂਟ ਸੀਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਰਨ ਤੋਂ ਪਹਿਲਾ ਹਵੇਗੀ ਗਰੁੱਪ ਦੀ ਮੈਨੇਜਮੈਂਟ ਨੂੰ ਸੂਚਨਾ ਦੇ ਦਿੱਤੀ ਗਈ ਸੀ। 
'ਰੰਗਲਾ ਪੰਜਾਬ' ਦੇ ਬਾਹਰ ਹੋਈ ਕਾਰਵਾਈ
ਚੇਅਰਪਰਸਨ ਨੇ 'ਰੰਗਲਾ ਪੰਜਾਬ' ਦੇ ਰੈਸਟੋਰੈਂਟ ਬਾਹਰ ਕੀਤੇ ਗਏ ਨਾਜਾਇਜ਼ ਨਿਰਮਾਣ ਦੇ ਨਾਂ ਨਾਲ ਉਨ੍ਹਾਂ ਦੇ ਰਿਜ਼ਾਰਟ ਬਾਹਰ ਵੀ ਡਿੱਚ ਮਸ਼ੀਨ ਚਲਵਾਈ। ਕਾਰਵਾਈ ਖਤਮ ਹੋਣ ਦੇ ਬਾਅਦ ਮੌਕੇ 'ਤੇ ਜੱਜ ਸਾਹਿਬਾ ਨਾਲ ਐੱਨ. ਐੱਚ-1 ਦੀ ਟੀਮ ਨੇ ਆ ਕੇ ਹਵੇਲੀ  ਰੈਸਟੋਰੈਂਟ ਦੇ ਬਾਹਰ ਨਿਸ਼ਾਨਦੇਹੀ ਕੀਤੀ ਅਤੇ ਹੁਕਮ ਦਿੱਤੇ ਕਿ ਉਹ ਇਸ ਲਕੀਰ ਤੋਂ ਅੱਗੇ ਨਿਰਮਾਣ ਨਹੀਂ ਕਰ ਸਕਦੇ।
ਇਕ ਪਾਸੇ ਚੱਲ ਰਹੀ ਸੀ ਡਿੱਚ, ਇਕੱਠੇ ਹੋਏ ਲੋਕ ਬਣਾ ਰਹੇ ਸਨ ਵੀਡੀਓ
ਜਿਸ ਵਕਤ ਰਾਤ ਨੂੰ ਹਵੇਲੀ ਰੈਸਟੋਰੈਂਟ ਦੇ ਬਾਹਰ ਜੱਜ ਸਾਹਿਬਾ ਡਿੱਚ ਮਸ਼ੀਨ ਦੀ ਕਾਰਵਾਈ ਕਰ ਰਹੀ ਸੀ ਤਾਂ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।