1.40 ਕਰੋੜ ''ਚ ਬਣਿਆ 9.2 ਕਿਲੋਮੀਟਰ ਸਾਈਕਲ ਟ੍ਰੈਕ

06/26/2017 8:08:30 AM

ਚੰਡੀਗੜ੍ਹ  (ਵਿਜੇ) - ਚੰਡੀਗੜ੍ਹ ਲਈ ਐਤਵਾਰ ਦਾ ਦਿਨ ਉਦਘਾਟਨਾਂ ਵਾਲਾ ਰਿਹਾ। ਇਕ ਦੇ ਬਾਅਦ ਇਕ 10 ਪ੍ਰੋਜੈਕਟ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਲਾਂਚ ਕੀਤੇ ਗਏ। ਅਸਲ 'ਚ ਮਨਿਸਟਰੀ ਆਫ ਅਰਬਨ ਡਿਵੈੱਲਪਮੈਂਟ, ਗੌਰਮਿੰਟ ਆਫ ਇੰਡੀਆ ਵਲੋਂ ਪਿਛਲੇ ਸਾਲ ਚੰਡੀਗੜ੍ਹ ਨੂੰ ਸਮਾਰਟ ਸਿਟੀ ਦਾ ਟੈਗ ਦਿੱਤਾ ਗਿਆ ਸੀ, ਜਿਸਦਾ ਇਕ ਸਾਲ ਪੂਰਾ ਹੋਣ ਮੌਕੇ ਨਗਰ ਨਿਗਮ ਵਲੋਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਗਏ।
ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ, ਸੰਸਦ ਮੈਂਬਰ ਕਿਰਨ ਖੇਰ, ਮੇਅਰ ਆਸ਼ਾ ਜਾਇਸਵਾਲ ਤੇ ਐਡਵਾਈਜ਼ਰ ਪਰਿਮਲ ਰਾਏ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਸਭ ਤੋਂ ਪਹਿਲਾਂ ਸਵੇਰੇ ਵਿਗਿਆਨ ਪੱਥ 'ਤੇ ਸਾਈਕਲ ਟ੍ਰੈਕਸ ਦਾ ਉਦਘਾਟਨ ਕੀਤਾ ਗਿਆ। ਇਸਦੇ ਬਾਅਦ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਸਮਾਰਟ ਸਿਟੀ ਆਪ੍ਰੇਸ਼ਨਜ਼ ਸੈਂਟਰ ਨੂੰ ਆਪ੍ਰੇਟ ਕੀਤਾ ਗਿਆ। ਸੈਕਟਰ-17 ਤੋਂ ਰੋਜ਼ ਗਾਰਡਨ ਵਿਚਕਾਰ ਬਣਨ ਵਾਲੇ ਸਬ-ਵੇ ਦਾ ਕੰਮ ਵੀ ਸ਼ੁਰੂ ਕੀਤਾ ਗਿਆ, ਉਥੇ ਹੀ ਨੀਲਮ ਸਿਨੇਮਾ ਨੇੜੇ ਅਰਬਨ ਪਾਰਕ ਨੂੰ ਵੀ ਹਰੀ ਝੰਡੀ ਦਿੱਤੀ ਗਈ। ਇਸਦੇ ਨਾਲ ਹੀ ਕੁਝ ਅਜਿਹੇ ਪ੍ਰੋਜੈਕਟ ਵੀ ਸਨ ਜਿਨ੍ਹਾਂ ਨਾਲ ਹਜ਼ਾਰਾਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਦਸੰਬਰ ਤਕ ਸਾਰੇ ਸਾਈਕਲ ਟ੍ਰੈਕ ਬਣਾਉਣ ਦਾ ਕੰਮ ਹੋਵੇਗਾ ਪੂਰਾ
ਸ਼ਹਿਰ 'ਚ 90 ਕਿਲੋਮੀਟਰ ਦੇ ਸਾਈਕਲ ਟ੍ਰੈਕ ਦੀ ਕੰਸਟ੍ਰਕਸ਼ਨ ਦਾ ਕੰਮ ਪ੍ਰਸ਼ਾਸਨ ਵਲੋਂ ਕੀਤਾ ਜਾਏਗਾ, ਜਿਸ 'ਤੇ ਲਗਭਗ 18 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਸ ਲਈ 9.2 ਕਿਲੋਮੀਟਰ ਦਾ ਸਾਈਕਲ ਟ੍ਰੈਕ ਵਿਗਿਆਨ ਪਥ 'ਚ ਤਿਆਰ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਸਾਈਕਲ ਟ੍ਰੈਕ ਦੇ ਨਾਲ ਹੀ ਫੁੱਟਪਾਥ ਵੀ ਬਣਾਇਆ ਗਿਆ ਹੈ। ਸਾਈਕਲ ਟ੍ਰੈਕ ਨੂੰ ਬਣਾਉਣ 'ਚ ਲਗਭਗ 1.40 ਕਰੋੜ ਰੁਪਏ ਖਰਚ ਕੀਤੇ ਗਏ। ਇਸ ਦਾ ਇਹ ਲਾਭ ਹੋਵੇਗਾ ਕਿ ਮੇਨ ਰੋਡ ਤੋਂ ਹੁੰਦੇ ਹੋਏ ਦੂਜੀ ਸੜਕ ਨੂੰ ਕੁਨੈਕਟ ਕਰਨ 'ਚ ਸਾਈਕਲ ਸਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਖਤਰਾ ਨਹੀਂ ਹੋਵੇਗਾ। ਨਿਗਮ ਵਲੋਂ ਦੱਸਿਆ ਗਿਆ ਹੈ ਕਿ ਦਸੰਬਰ ਤਕ ਸਾਰੇ ਸਾਈਕਲ ਟ੍ਰੈਕ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਏਗਾ।