ਬੀਬੀ ਜਗੀਰ ਕੌਰ ਗੁਰਦੁਆਰਾ ਬੀੜ ਸਾਹਿਬ ਵਿਖੇ ਹੋਏ ਨਤਮਸਤਕ

01/17/2018 11:03:20 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਆਪਣੇ ਪਰਿਵਾਰ ਅਤੇ ਸਾਥੀ ਬੀਬੀਆਂ ਸਮੇਤ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਉਨ੍ਹਾਂ ਨੇ ਗੁਰੂਘਰ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਦਰਬਾਰ 'ਚ ਬੈਠ ਕੇ ਕੀਰਤਨ ਵੀ ਸਰਵਨ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਦਫਤਰ ਵਿਖੇ ਪਹੁੰਚਣ 'ਤੇ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੀ ਸਪੁੱਤਰੀ ਰਜਨੀਤ ਕੌਰ ਬੇਗੋਵਾਲ ਨੂੰ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਅਤੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਬਾਬਾ ਬੁੱਢਾ ਜੀ ਦੀ ਤਸਵੀਰ ਅਤੇ ਸਿਰਪਾਓ ਬਖਸ਼ੀਸ਼ ਵਜੋਂ ਭੇਂਟ ਕੀਤੀ ਗਈ। ਇਸ ਸਮੇਂ ਗੱਲਬਾਤ ਕਰਦਿਆਂ ਬੀਬੀ ਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਸੰਸਥਾ ਵੱਲੋਂ ਗੁਰਧਾਮਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਧਰਮ ਕਰਮ ਦੇ ਕਾਰਜਾਂ 'ਚ ਵੱਡਮੁੱਲਾ ਯੋਗਦਾਨ ਪਾਉਣ ਨਾਲ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਮਾਝੇ ਅੰਦਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਜ਼ਿਲਾ, ਵਿਧਾਨ ਸਭਾ ਹਲਕਾ, ਤਹਿਸੀਲ ਅਤੇ ਬਲਾਕ ਪੱਧਰ 'ਤੇ ਕਮੇਟੀਆਂ ਜਲਦ ਹੀ ਗਠਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਬਾਬਾ ਨਿਰਮ ਸਿੰਘ ਨੌਸ਼ਹਿਰਾ ਢਾਲਾ, ਸ੍ਰੋ. ਅ. ਦਲ ਬੀ. ਸੀ. ਵਿੰਗ ਸੂਬਾ ਜਨਰਲ ਸਕੱਤਰ ਰਾਜੂ ਝਬਾਲ, ਬਾਬਾ ਸੋਹਨ ਸਿੰਘ ਕਾਰਸੇਵਾ ਵਾਲੇ, ਅਕਾਲੀ ਆਗੂ ਗੁਰਿੰਦਰ ਸਿੰਘ ਬਾਬਾ ਲੰਗਾਹ, ਪ੍ਰਧਾਨ ਸਰਵਨ ਸਿੰਘ ਝਬਾਲ, ਬਾਬਾ ਵਰਿਆਮ ਸਿੰਘ ਝਬਾਲ, ਫਤਿਹ ਚੈਨਲ ਦੀ ਪ੍ਰਬੰਧਕ ਬੀਬੀ ਅਰਵਿੰਦਰ ਕੌਰ, ਬੀਬੀ ਰਜਵੰਤ ਕੌਰ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਇਸਤਰੀ ਵਿੰਗ, ਬੱਬੂ ਦੋਦੇ, ਅਮਰ ਸਿੰਘ ਛਾਪਾ, ਦਿਲਬਾਗ ਸਿੰਘ ਝਬਾਲ ਆਦਿ ਹਾਜ਼ਰ ਸਨ।