ਭੋਲਾ ਡਰੱਗਜ਼ ਰੈਕੇਟ 'ਚ ਵੱਡਾ ਧਮਾਕਾ ਹੋਣ ਦੇ ਆਸਾਰ

02/12/2019 6:08:53 PM

ਚੰਡੀਗੜ੍ਹ/ਜਲੰਧਰ— ਭੋਲਾ ਡਰੱਗਜ਼ ਰੈਕੇਟ ਮਾਮਲੇ 'ਚ ਬੁੱਧਵਾਰ ਨੂੰ ਮੋਹਾਲੀ ਦੀ ਸੀ. ਬੀ. ਆਈ. ਅਦਾਲਤ 'ਚ ਫੈਸਲਾ ਸੁਣਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ 11 ਨਵੰਬਰ 2013 ਨੂੰ ਪੰਜਾਬ ਪੁਲਸ ਨੇ ਜਗਦੀਸ਼ ਭੋਲਾ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਦਾ ਖੁਲਾਸਾ ਕੀਤਾ ਸੀ। ਇਸ ਕੇਸ 'ਚ 6 ਐੱਫ. ਆਰ. ਆਈ. ਸਮੇਤ 70 ਮੁਲਜ਼ਮ ਨਾਮਜ਼ਦ ਹਨ। 
ਜਗਦੀਸ਼ ਭੋਲਾ ਡਰੱਗਜ਼ ਕੇਸ 'ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਹੈ। ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤੱਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਇਹ ਠੰਢੇ ਬਸਤੇ 'ਚ ਹੀ ਰਿਹਾ। 

ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਮਨੀਤ ਮਲਹੋਤਰਾ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨਿਰਭਉ ਸਿੰਘ ਗਿੱਲ ਨੇ ਐੱਨ. ਡੀ. ਪੀ. ਐੱਸ. ਦੇ ਸਾਰੇ ਮਾਮਲਿਆਂ 'ਤੇ 13 ਫਰਵਰੀ ਨੂੰ ਫੈਸਲਾ ਸੁਣਾਉਣ ਦੀ ਗੱਲ ਕਹੀ ਸੀ। ਇਸ ਮਾਮਲੇ ਦੇ ਜ਼ਿਆਦਾਤਰ ਮੁਲਜ਼ਮ ਜੇਲ 'ਚ ਹਨ ਅਤੇ ਕੁਝ ਜ਼ਮਾਨਤ 'ਤੇ ਬਾਹਰ ਹਨ।

ਇਸ ਮਾਮਲੇ 'ਚ ਐੱਨ. ਡੀ. ਪੀ. ਐੱਸ. ਦੇ ਕੇਸਾਂ ਦੇ ਫੈਸਲੇ ਤੋਂ ਬਾਅਦ ਈ. ਡੀ . ਦੇ ਕੇਸ ਬਕਾਇਆ ਰਹਿਣਗੇ। ਇਸੇ ਮਾਮਲੇ ਦੇ ਇਕ ਮੁਲਜ਼ਮ ਅਕਾਲੀ ਲੀਡਰ ਚੁੰਨੀ ਲਾਲ ਗਾਬਾ ਦੀ ਡਾਇਰੀ 'ਚ ਹੋਈਆਂ ਐਂਟਰੀਆਂ ਦੇ ਆਧਾਰ 'ਤੇ ਤੱਤਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਪੁੱਤਰ ਦਮਨਬੀਰ ਫਿਲੌਰ ਅਤੇ ਸੀ. ਪੀ. ਐੱਸ ਅਵਿਨਾਸ਼ ਚੰਦਰ 'ਤੇ ਵੀ ਈ. ਡੀ. ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਈ. ਡੀ. ਦੀ ਸੁਣਵਾਈ 'ਤੇ ਪਿਛਲੇ ਹਫਤੇ ਹੀ ਸਟੇਅ ਲਗਾ ਦਿੱਤਾ ਸੀ।

shivani attri

This news is Content Editor shivani attri