ਭੀਮ ਹੱਤਿਆਕਾਂਡ : ਸ਼ਰਾਬ ਵਪਾਰੀ ਡੋਡਾ ਦੀ ਜ਼ਮਾਨਤ ''ਤੇ ਸੁਪਰੀਮ ਕੋਰਟ ''ਚ ਕੇਸ ਦੀ ਸੁਣਵਾਈ 2 ਜਨਵਰੀ ਤਕ ਟਲੀ

12/02/2016 5:42:07 PM

ਅਬੋਹਰ (ਸੁਨੀਲ) : ਲਗਭਗ ਇਕ ਸਾਲ ਪਹਿਲਾਂ ਸ਼ਰਾਬ ਵਪਾਰੀ ਤੇ ਸਾਬਕਾ ਅਕਾਲੀ ਨੇਤਾ ਸ਼ਿਵ ਲਾਲ ਡੋਡਾ ਦੇ ਪਿੰਡ ਰਾਮਸਰਾ ਸਥਿਤ ਫਾਰਮ ਹਾਊਸ ''ਚ ਉਸਦੇ ਪੁਰਾਣੇ ਸਹਿਯੋਗੀ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਦੇ ਮਾਮਲੇ ਵਿਚ ਫਾਜ਼ਿਲਕਾ ਉੱਪ ਜੇਲ ਵਿਚ ਬੰਦ ਸ਼ਿਵ ਲਾਲ ਡੋਡਾ ਵੱਲੋਂ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਗਿਆ ਜ਼ਮਾਨਤ ਕੇਸ ''ਤੇ ਸੁਣਵਾਈ ਸ਼ੁਕਰਵਾਰ ਨੂੰ 2 ਜਨਵਰੀ ਤੱਕ ਟਲ ਗਈ ਹੈ।
ਭੀਮ ਟਾਂਕ ਹੱਤਿਆਕਾਂਡ ਸੰਘਰਸ਼ ਕਮੇਟੀ ਦੇ ਕਨਵੀਨਰ ਗੋਪੀ ਚੰਦ ਸਾਂਦੜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁਕਰਵਾਰ ਨੂੰ ਜਦ ਡੋਡਾ ਦੀ ਪੈਰਵੀ ਲਈ ਸਾਬਕਾ ਕਾਨੂੰਨ ਮੰਤਰੀ ਤੇ ਕਾਂਗਰਸ ਨੇਤਾ ਕਪਿਲ ਸਿੱਬਲ ਸੁਪਰੀਮ ਕੋਰਟ ਵਿਚ ਪੇਸ਼ ਹੋਏ ਤਾਂ ਪੀੜਤ ਪੱਖ ਦੇ ਵਕੀਲਾਂ ਨੇ ਕਿਹਾ ਕਿ ਤੁਹਾਡੀ ਹੀ ਪਾਰਟੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਗੁਲਾਮ ਨਬੀ ਆਜ਼ਾਦ ਨੇ ਤਾਂ ਲੋਕ ਸਭਾ ਤੇ ਰਾਜ ਸਭਾ ਵਿਚ ਦਲਿਤ ਨੌਜਵਾਨ ਮ੍ਰਿਤਕ ਭੀਮ ਟਾਂਕ ਦੀ ਹੱਤਿਆ ਦਾ ਮਾਮਲਾ ਚੁੱਕਦੇ ਹੋਏ ਸਖਤ ਰੋਸ ਪ੍ਰਗਟਾਇਆ ਸੀ ਕਿਉਂਕਿ ਅਜਿਹਾ ਕੋਈ ਨੇੜੇ ਅਤੀਤ ਵਿਚ ਉਦਾਹਰਨ ਨਹੀਂ ਮਿਲਦਾ ਕਿ ਕਿਸੇ ਦਲਿਤ ਦੇ ਇਸ ਤਰ੍ਹਾਂ ਹੱਥ ਪੈਰ ਕੱਟ ਦਿੱਤੇ ਗਏ ਹੋਣ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਂਗਰਸ ਤੇ ਹੋਰ ਧਿਰਾਂ ਵੱਲੋਂ ਪ੍ਰਦਰਸ਼ਨ ਤੱਕ ਕੀਤੇ ਜਾ ਚੁੱਕੇ ਹਨ, ਉਦੋਂ ਉਸ ਬੇਰਹਿਮ ਕਾਂਡ ਦੀ ਪੂਰੇ ਦੇਸ਼ ਵਿਚ ਨਿਖੇਧੀ ਹੋਈ ਸੀ। ਤੁਸੀਂ ਇਥੇ ਉਸੇ ਕੇਸ ਦੇ ਮੁਖ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਜ਼ਮਾਨਤ ਦਿਵਾਉਣ ਲਈ ਕੋਰਟ ਵਿਚ ਪੇਸ਼ ਹੋਏ ਹੋ।
ਸੁਣਵਾਈ ਦੌਰਾਨ ਮ੍ਰਿਤਕ ਭੀਮ ਦੀ ਮਾਤਾ ਕੌਸ਼ਲਯਾ ਦੇਵੀ ਵੱਲੋਂ ਅਦਾਲਤ ਵਿਚ ਪੇਸ਼ ਹੋਏ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਸੀਨੀਅਰ ਵਕੀਲ ਅਸ਼ੋਕ ਅਰੋੜਾ, ਸੁਪਰੀਮ ਕੋਰਟ ਦੇ ਵਕੀਲ ਨਰਿੰਦਰ ਸਿੰਘ ਯਾਦਵ ਤੇ ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਤਿੰਨਾ ਨੇ ਬਹਿਸ ਦੌਰਾਨ ਦੋਸ਼ੀ ਸ਼ਿਵ ਲਾਲ ਡੋਡਾ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੂੰ ਅਸਲ ਸਥਿਤੀ ਤੋਂ ਜਾਣੂ ਕਰਵਾਇਆ। ਦਿੱਤੀ ਗਈ ਜਾਣਕਾਰੀ ਮੁਤਾਬਕ ਕਪਿਲ ਸਿੱਬਲ ਨੇ ਕਥਿਤ ਰੂਪ ''ਚ ਕਿਹਾ ਕਿ ਉਹ ਇਸ ਕੇਸ ਤੋਂ ਵੱਖ ਹੋ ਜਾਂਦੇ ਹਨ। ਕੌਸ਼ਲਯਾ ਦੇਵੀ ਦੇ ਵਕੀਲ ਨੇ ਕਾਂਗਰਸ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀਆਂ ਅਖਬਾਰਾਂ ਵਿਚ ਛਪੀਆਂ ਖਬਰਾਂ ਦੀ ਫੋਟੋ ਕਾਪੀ ਵੀ ਮਾਨਯੋਗ ਜੱਜ ਦੇ ਸਾਹਮਣੇ ਪੇਸ਼ ਕੀਤੀ। ਇਸ ''ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 2 ਜਨਵਰੀ ਤੱਕ ਮੁਲਤਵੀ ਕਰ ਦਿੱਤੀ।

Gurminder Singh

This news is Content Editor Gurminder Singh