ਭਵਾਨੀਗੜ੍ਹ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਬਾਜ਼ਾਰਾਂ ਅਤੇ ਸੜਕਾਂ 'ਤੇ ਪਸਰੀ ਸੁੰਨਸਾਨ

03/26/2021 11:17:35 AM

ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਾਨੂੰਨ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਸਥਾਨਕ ਸ਼ਹਿਰ ਵਿਖੇ  ਬਾਜ਼ਾਰ,ਦੁਕਾਨਾਂ ਅਤੇ ਸੜਕੀ ਆਵਾਜਾਈ ਪੂਰਨ ਤੌਰ 'ਤੇ ਬੰਦ ਹੈ। ਇਸੇ ਦੌਰਾਨ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੀ.ਕੇ.ਯੂ ਏਕਤਾ ਡਕੌਂਦਾ, ਬੀ.ਕੇ.ਯੂ ਰਾਜੇਵਾਲ, ਬੀ.ਕੇ.ਯੂ ਏਕਤਾ ਸਿੱਧੂਪੁਰ ,ਆੜਤੀਆਂ ਐਸੋ. ਅਤੇ  ਹੋਰ ਟ੍ਰੇਡ ਸੰਸਥਾਵਾਂ ਅਤੇ ਭਰਾਤਰੀ ਸੰਘਰਸ਼ਸੀਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਸ਼ਹਿਰ ’ਚ ਲੰਘਦੀ ਨੈਸ਼ਨਲ ਹਾਈਵੇ ਉਪਰ ਬਲਿਆਲ ਰੋਡ ਨਜ਼ਦੀਕ ਆਵਾਜਾਈ ਠੱਪ ਕਰਕੇ ਦਿੱਤੇ ਰੋਸ ਧਰਨੇ ਦੌਰਾਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ

ਇਸ ਮੌਕੇ ਆਪਣੇ ਸੰਬੋਧਨ ’ਚ ਗੁਰਮੀਤ ਸਿੰਘ ਭੱਟੀਵਾਲ ਆਗੂ ਬੀ.ਕੇ.ਯੂ ਏਕਤਾ ਡਕੌਂਦਾ, ਗੁਰਮੀਤ ਸਿੰਘ ਕਪਿਆਲ ਜ਼ਿਲਾ ਪ੍ਰਧਾਨ ਬੀ.ਕੇ.ਯੂ ਰਾਜੇਵਾਲ, ਕਰਨੈਲ ਸਿੰਘ ਕਾਕੜਾ ਬਲਾਕ ਪ੍ਰਧਾਨ ਬੀ.ਕੇ.ਯੂ ਏਕਤਾ ਸਿੱਧੂਪੁਰ, ਮਾਲਵਿੰਦਰ ਸਿੰਘ, ਕਸ਼ਮੀਰ ਸਿੰਘ ਘਰਾਚੋਂ ਅਤੇ ਪ੍ਰਿਤਪਾਲ ਸਿੰਘ ਕਾਕੜਾ ਨੇ ਕਿਹਾ ਕਿ ਅੱਜ ਦਾ ਬੰਦ ਪੂਰਾ ਇਤਿਹਾਸਕ ਬੰਦ ਹੋਵੇਗਾ ਅਤੇ ਇਹ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਫੈਸਲਿਆਂ ਵਾਰੇ ਸੋਚਣ ਲਈ ਮਜਬੂਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਹੁਣ ਤੱਕ ਇਹੀ ਰੋਲਾ ਪਾਇਆ ਜਾ ਰਿਹਾ ਸੀ ਇਕ ਇਹ ਕਿਸਾਨ ਅੰਦੋਲਨ ਕੇਵਲ ਪੰਜਾਬ ਦੇ ਕਿਸਾਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਦੋਂ ਕਿ ਬਾਕੀ ਸੂਬਿਆਂ ਦੇ ਕਿਸਾਨ ਕੇਂਦਰ ਵੱਲੋਂ ਲਾਗੂ ਕੀਤੇ ਨਵੇ ਖੇਤੀ ਕਾਨੂੰਨਾਂ ਦੇ ਹੱਕ ’ਚ ਹਨ। ਪਰ ਦੇਸ਼ ਦੇ ਹਰ ਸੂਬੇ ਦੇ ਕਿਸਾਨਾਂ ਵੱਲੋਂ ਕੇਂਦਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਦੇਸ਼ ਦੇ ਕੋਨੇ ਕੋਨੇ ’ਚ ਬੈਠੇ ਕਿਸਾਨਾਂ ਦੇ ਨਾਲ ਨਾਲ ਵਿਦੇਸ਼ਾਂ ਦੀ ਧਰਤੀ ਉਪਰ ਬੈਠੇ ਕਿਸਾਨਾਂ ਵੱਲੋਂ ਭਾਰਤ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਦੁਖਦਾਇਕ ਖ਼ਬਰ: ਦਿੱਲੀ ਧਰਨੇ ਤੋਂ ਪਰਤਦਿਆਂ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ’ਚ ਸ਼ੁਰੂ ਕੀਤੇ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਤੋਂ ਪਹਿਲਾਂ ਕਿਸਾਨਾਂ ਨੇ 3 ਮਹੀਨੇ ਪੰਜਾਬ ’ਚ ਇਹ ਅੰਦੋਲਨ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਨਵੇ ਫੈਸਲੇ ਦਾ ਵੀ ਅਸੀ ਡੱਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਵੀ ਮੰਡੀਕਰਨ ਬੋਰਡ ਨੂੰ ਖਤਮ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਇਹ ਸਾਰੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦਾ ਭਾਰਤ ਬੰਦ ਸਵੇਰੇ 6 ਵਜੇਂ ਤੋਂ ਸ਼ਾਮ ਦੇ 6 ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ:  ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਡੇਢ ਸਾਲ ਦੀ ਧੀ ਸਣੇ ਮਾਂ ਦੀ ਵੀ ਮੌਤ

ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਕੇਵਲ ਕਿਸਾਨਾਂ ਲਈ ਹੀ ਘਾਤਕ ਨਹੀਂ ਸਨ ਸਗੋਂ ਇਹ ਕਾਲੇ ਕਾਨੂੰਨ ਛੋਟੇ ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਹਰ ਵਰਗ ਨੂੰ ਪੂਰੀ ਤਰ੍ਹਾਂ ਆਰਥਿਕ ਪੱਖੋਂ ਕਮਜੋਰ ਕਰਨ ਵਾਲੇ ਹਨ ਅਤੇ ਇਹ ਕਾਨੂੰਨ ਕੇਵਲ ਅਤੇ ਕੇਵਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਹੀ ਬਣਾਏ ਗਏ ਹਨ।ਸਥਾਨਕ ਸ਼ਹਿਰ ਵਿਖੇ ਅੱਜ ਨੈਸ਼ਨਲ ਹਾਈਵੇ ਸਮੇਤ ਸਾਰੀਆਂ ਸੜਕਾਂ ਉਪਰ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸੜਕਾਂ ਸੁੰਨਸਾਨ ਪਈਆਂ ਸਨ ਅਤੇ ਸ਼ਹਿਰ ਦੇ ਸਾਰੇ ਬਜ਼ਾਰਾਂ ’ਚ ਵੀ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ।

Shyna

This news is Content Editor Shyna