ਕਾਂਗਰਸ ਦੇ ਰਾਜ ਵਿਚ ਹਰੇਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਹੂਲਤਾਂ : ਭੱਟੀ, ਸਿੰਗਲਾ

11/18/2017 12:52:49 PM


ਬਰੇਟਾ (ਸਿੰਗਲਾ, ਬਾਂਸਲ) - ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਲੋਕ ਦਰਬਾਰ ਸਥਾਨਕ ਮਾਰਕਿਟ ਕਮੇਟੀ ਵਿਖੇ ਲਗਾਇਆ ਗਿਆ ਜਿਸ 'ਚ ਸਥਾਨਕ ਤੇ ਲਾਗੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ। ਇਸ ਸਮੇਂ ਬੀਬੀ ਭੱਟੀ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਭਾਂਵੇ ਵੱਡੀਆਂ ਨਹੀ ਹਨ। ਲੋਕਾਂ ਲਈ ਇਹ ਛੋਟੇ-ਛੋਟੇ ਕੰਮ ਵੱਡੇ ਬਣੇ ਪਏ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਜਦੋਂ ਸੱਤਾ ਤੇ ਕਾਬਜ ਲੀਡਰ ਇੱਥੇ ਪੁੱਜਦੇ ਸਨ ਤਾਂ ਸੁਰੱਖਿਆ ਘੇਰੇ 'ਚ ਰਹਿੰਦੇ ਹੋਏ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਸਨ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਾ ਹੋਣ ਕਾਰਨ ਵੱਡੇ ਮਸਲੇ ਬਣ ਕੇ ਰਹਿ ਗਏ ਹਨ। ਇਕ-ਇਕ ਏਕੜ ਵਾਲੇ ਕਿਸਾਨਾਂ ਤੋਂ ਪੈਸੇ ਤਾਂ ਭਰਵਾ ਲਏ ਪਰ ਕੁਨੈਕਸ਼ਨ ਨਹੀਂ ਦਿੱਤੇ। ਅਜਿਹੇ ਲੋਕ ਖੱਜਲ ਖੁਆਰੀ ਹੋ ਰਹੇ ਹਨ। ਇਨ੍ਹਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਭ ਦੀ ਸੁਣਵਾਈ ਹੋ ਰਹੀ ਹੈ। ਬੀਬੀ ਭੱਟੀ ਨੇ ਕਿਹਾ ਕਿ ਦੇਸ਼ 21ਵੀਂ ਸਦੀ 'ਚ ਪੁਜ ਗਿਆ ਹੈ। ਪਰ ਲੋਕਾਂ ਦੇ ਗਲੀਆਂ,ਨਾਲੀਆਂ ਤੇ ਪਖਾਨਿਆਂ ਦੇ ਮਸਲੇ ਹੱਲ ਨਹੀਂ ਹੋ ਸਕੇ ਹਨ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ਦੱਸਿਆ ਜਾ ਰਿਹਾ ਹੈ।
ਇਸ ਸਮੇਂ ਆਲ ਇੰਡੀਆ ਯੂਥ ਕਾਂਗਰਸ ਦੇ ਸਲਾਹਕਾਰ ਅਤੇ ਸੂਬਾਈ ਸਕੱਤਰ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਬਣਦੀਆਂ ਹਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਹਰ ਵਰਗ ਦੇ ਲੋਕ ਆਪਣੀ ਜ਼ਿੰਦਗੀ ਅਰਾਮਦਾਇਕ ਜੀਅ ਸਕਣ। ਅਕਾਲੀਆਂ ਨੇ ਆਪਣੇ 10 ਸਾਲ ਦੇ ਰਾਜ ਵਿਚ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਸਿਰਫ਼ ਆਪਣੀਆਂ ਤਿਜੋਰੀਆਂ ਹੀ ਭਰੀਆਂ ਹਨ। ਜਿਸ ਕਾਰਨ ਪੰਜਾਬ ਕੰਗਾਲੀ ਦੇ ਰਾਹ ਵੱਲ ਤੁਰ ਪਿਆ ਸੀ ਪਰ ਹੁਣ ਕਾਂਗਰਸ ਸਰਕਾਰ ਪੰਜਾਬ ਨੂੰ ਮੁੜ ਲੀਹਾਂ ਤੇ ਖੜ੍ਹਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸਵਰਨ ਸਿੰਘ ਖੁਡਾਲ, ਰਜਤ ਗਰਗ, ਬਲਵਿੰਦਰ ਵਿੱਕੀ, ਨਿੱਕਾ ਸਿੰਘ ਧਰਮਪੁਰਾ, ਸਤੀਸ਼ ਭਾਟੀਆ ਆਦਿ ਲੋਕ ਮੌਜੂਦ ਸਨ।