ਸਵੀਪ ਗਤੀਵਿਧੀ ਤਹਿਤ ਲੋਕਾਂ ਨੂੰ ਕਰਵਾਇਆ ਵੋਟਿੰਗ ਪ੍ਰਕਿਰਿਆ ਤੋਂ ਜਾਣੂ

04/18/2019 4:04:56 AM

ਬਠਿੰਡਾ (ਮਨਜੀਤ ਕੌਰ)-ਲੋਕ ਸਭਾ ਚੋਣਾਂ 2019 ਤਹਿਤ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਦੀ ਸਮੁੱਚੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਵੀਪ ਪ੍ਰੋਗਰਾਮ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ ਕੈਂਪ ਲਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਵੋਟ ਦੇ ਇਸਤੇਮਾਲ ਅਤੇ ਵੋਟਿੰਗ ਮਸ਼ੀਨਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਦੀ ਇਸੇ ਲਡ਼ੀ ਤਹਿਤ ਅੱਜ ਪਿੰਡ ਕੋਟਧਰਮੂ, ਝੰਡੂਕੇ, ਟਿੱਬੀ ਹਰੀ ਸਿੰਘ ਵਾਲਾ ਅਤੇ ਮੀਰਪੁਰ ਕਲਾਂ ਵਿਖੇ ਲੋਕਾਂ ਨੂੰ ਈ. ਵੀ. ਐੱਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ. ਵੀ. ਪੈਟ ਤੋਂ ਇਲਾਵਾ ਵੋਟਾਂ ਦੀ ਪ੍ਰਕਿਰਿਆ, ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਤੇ ਤਬਦੀਲ ਕਰਨ ਸਬੰਧੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਵੋਟਰਾਂ ਨੂੰ ਭਾਰਤੀ ਚੋਣ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਸੀ-ਵੀਜ਼ੂਅਲ ਮੋਬਾਇਲ ਐਪਲੀਕੇਸ਼ਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਲੋਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਸੂਚਨਾ ਜ਼ਿਲਾ ਚੋਣ ਅਫਸਰ ਨੂੰ ਦੇ ਸਕਦੇ ਹਨ।