ਅਹਿਮ ਖ਼ਬਰ : ਪੰਜਾਬ ਦੀ ਸੱਤਾ ਲਈ ਮਾਲਵਾ ਨੂੰ ''ਐਂਟਰੀ ਗੇਟ'' ਬਣਾਵੇਗੀ ਭਾਜਪਾ

07/28/2022 9:15:14 AM

ਜਲੰਧਰ (ਅਨਿਲ ਪਾਹਵਾ) : ਪੰਜਾਬ 'ਚ ਕਿਹੜੀ ਸਰਕਾਰ ਬਣੇਗੀ, ਇਹ ਹਰ ਵਾਰ ਮਾਲਵਾ ਬੈਲਟ ਹੀ ਤੈਅ ਕਰਦੀ ਹੈ। 2000 ਤੋਂ ਲੈ ਕੇ 2022 ਤੱਕ ਦਾ ਅੰਕੜਾ ਇਹੀ ਕਹਿੰਦਾ ਹੈ ਕਿ ਜਿਸ ਨੇ ਵੀ ਮਾਲਵਾ ਬੈਲਟ ’ਚ ਸੰਨ੍ਹ ਲਗਾ ਲਈ, ਉਸ ਨੂੰ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਸੱਤਾ ਦੇ ਰਸਤੇ ਲਈ ਮਾਲਵਾ ਦਾ ਦਰਵਾਜ਼ਾ ਖੜਕਾਉਣ ’ਚ ਲੱਗ ਗਈ ਹੈ। ਮਾਲਵਾ ’ਚ ਐਂਟਰੀ ਲਈ ਉਂਝ ਤਾਂ ਕਈ ਰਸਤੇ ਹਨ ਪਰ ਸਿਆਸੀ ਪਾਰਟੀਆਂ ਲਈ ਬਠਿੰਡਾ ਸਭ ਤੋਂ ਆਸਾਨ ਅਤੇ ਅਹਿਮ ਰਸਤਾ ਹੈ, ਜਿਸ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅਪਣਾਉਂਦੇ ਰਹੇ ਹਨ ਪਰ ਹੁਣ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਨੂੰ ਵੀ ਮਾਲਵਾ ਬੈਲਟ ਦੀ ਸਿਆਸਤ ਸਮਝ ਆਉਣ ਲੱਗੀ ਹੈ। ਪੰਜਾਬ ’ਚ 117 ’ਚੋਂ ਮਾਲਵਾ ’ਚ 69 ਸੀਟਾਂ ਹਨ ਅਤੇ ਇਨ੍ਹਾਂ 69 ਸੀਟਾਂ ’ਤੇ ਜੋ ਸਭ ਤੋਂ ਵੱਧ ਸਫ਼ਲ ਰਿਹਾ, ਉਹੀ ਸੱਤਾ ’ਚ ਆਇਆ। ਭਾਰਤੀ ਜਨਤਾ ਪਾਰਟੀ ਵੀ ਹੁਣ ਮਾਲਵਾ ਲਈ ਬਠਿੰਡਾ ਤੋਂ ਉਡਾਣ ਭਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਦੁਕਾਨਕਾਰ ਦਾ ਕਤਲ, ਬਚਾਉਣ ਆਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ
ਬਠਿੰਡਾ ਕਿਉਂ ਆਸਾਨ ਰਾਹ?
ਮਾਲਵਾ ਦੇ ਬਠਿੰਡਾ ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਹੈ । ਬਠਿੰਡਾ ਜੋ ਮਾਲਵਾ ਦਾ ਐਂਟਰੀ ਗੇਟ ਹੈ, 'ਚ ਬਾਦਲ ਪਰਿਵਾਰ ਸਦਾ ਹੀ ਐਕਟਿਵ ਰਿਹਾ ਅਤੇ ਸਫ਼ਲਤਾ ਲਈ ਉਸ ਨੇ ਬਠਿੰਡਾ ਨੂੰ ਬਾਖ਼ੂਬੀ ਇਸਤੇਮਾਲ ਕੀਤਾ। ਗੱਲ ਭਾਵੇਂ ਸਿਆਸਤ ਦੀ ਹੋਵੇ ਜਾਂ ਵਿਕਾਸ ਦੀ ਸ਼੍ਰੋਮਣੀ ਅਕਾਲੀ ਦਲ ਲਈ ਬਠਿੰਡਾ ਕੇਂਦਰ ਬਿੰਦੂ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਮੇਂ-ਸਮੇਂ ’ਤੇ ਇੱਥੋਂ ਸਫ਼ਲਤਾ ਹਾਸਲ ਕੀਤੀ ਅਤੇ ਮੁੱਖ ਮੰਤਰੀ ਅਹੁਦਾ ਲੈਣ ’ਚ ਕਾਮਯਾਬ ਰਹੇ।
ਹੁਣ ਅੱਗੇ ਕੀ
ਪੰਜਾਬ ਦੀ ਸਿਆਸਤ ’ਚ ਖ਼ੁਦ ਨੂੰ ਜਿਊਂਦਾ ਰੱਖਣਾ ਮੌਜੂਦਾ ਹਾਲਾਤ ’ਚ ਭਾਜਪਾ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ। ਸਿਰਫ ਦੋ ਸੀਟਾਂ ਨਾਲ ਪਾਰਟੀ ਪੰਜਾਬ 'ਚ ਹੈ, ਜਦ ਕਿ ਇਕ ਦੌਰ ’ਚ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਸੱਤਾ ਸੁੱਖ ਵੀ ਭੋਗਦੀ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਮਾਲਵਾ ’ਚ ਖ਼ੁਦ ਨੂੰ ਮਜ਼ਬੂਤ ਕਰਨ ਲਈ ਭਾਜਪਾ ਆਉਣ ਵਾਲੇ ਦਿਨਾਂ ’ਚ ਕੁੱਝ ਹੋਰ ਪ੍ਰਯੋਗ ਕਰਨ ਜਾ ਰਹੀ ਹੈ। ਖ਼ਬਰ ਇਹ ਵੀ ਮਿਲ ਰਹੀ ਹੈ ਕਿ ਪਾਰਟੀ ’ਚ ਅਗਲਾ ਸੂਬਾ ਪ੍ਰਧਾਨ ਅਤੇ ਟੀਮ ਦੇ ਹੋਰ ਮੈਂਬਰ ਮਾਲਵਾ ’ਚੋਂ ਹੋ ਸਕਦੇ ਹਨ, ਜਿਸ ਦੇ ਲਈ ਪਾਰਟੀ ਯੋਜਨਾ ’ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਮੰਕੀਪਾਕਸ ਨੂੰ ਲੈ ਕੇ ਅਲਰਟ, ਜਾਰੀ ਹੋ ਚੁੱਕੀਆਂ ਨੇ ਗਾਈਡਲਾਈਨਜ਼
ਕਿਉਂ ਅਹਿਮ ਹੈ ਮਾਲਵਾ?
ਪੰਜਾਬ ’ਚ 117 ਸੀਟਾਂ ’ਚੋਂ 69 ਸੀਟਾਂ ਮਾਲਵੇ ਦੀਆਂ ਹਨ, ਜਦ ਕਿ ਇਸ ਖੇਤਰ ’ਚ 7 ਲੋਕ ਸਭਾ ਸੀਟਾਂ ਪੈਂਦੀਆਂ ਹਨ । ਸਾਲ 2017 'ਚ ਕਾਂਗਰਸ ਨੇ ਇੱਥੋਂ 40 ਸੀਟਾਂ ਹਾਸਲ ਕੀਤੀਆਂ ਅਤੇ ਪੰਜਾਬ ’ਚ ਸੱਤਾ ਕਾਇਮ ਕੀਤੀ। ਇਸ ਖੇਤਰ ਤੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੀ ਐਂਟਰੀ ਮਿਲੀ ਅਤੇ 2017 ਦੀਆਂ ਚੋਣਾਂ ’ਚ ਪੂਰੇ ਪੰਜਾਬ ’ਚੋਂ ਸਿਰਫ ਮਾਲਵਾ ਖੇਤਰ ’ਚੋਂ ਹੀ ਪਾਰਟੀ ਨੂੰ 18 ਸੀਟਾਂ ਹਾਸਲ ਹੋਈਆਂ। ਇਸ ਤਰ੍ਹਾਂ 2012 ’ਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਇਲਾਕੇ ’ਚੋਂ 33 ਸੀਟਾਂ ਹਾਸਲ ਕੀਤੀਆਂ ਅਤੇ ਸੱਤਾ ’ਚ ਆਉਣ ’ਚ ਸਫਲ ਰਹੀ। ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੀ 69 ’ਚੋਂ 66 ਸੀਟਾਂ ਹਾਸਲ ਕਰਨ ’ਚ ਸਫ਼ਲਤਾ ਮਿਲੀ ਅਤੇ ਉਹ ਸੂਬੇ ਦੀ ਸੱਤਾ ’ਚ ਕਾਬਜ਼ ਹੋ ਗਈ। ਇਸ ਲਈ ਭਾਜਪਾ ਨੂੰ ਵੀ ਲੱਗਦਾ ਹੈ ਕਿ ਸੂਬੇ ਦੀ ਸੱਤਾ ਤੱਕ ਜੇਕਰ ਪਹੁੰਚਣਾ ਹੈ ਤਾਂ ਮਾਲਵਾ ਤੋਂ ਬਿਹਤਰ ਕੁਝ ਨਹੀਂ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ 17 ਜ਼ਿਲ੍ਹਿਆਂ 'ਚ ADC ਸ਼ਹਿਰੀ ਵਿਕਾਸ ਦੀ ਪੋਸਟ ਨੂੰ ਖ਼ਤਮ ਕਰਨ ਦਾ ਫ਼ੈਸਲਾ
ਭਾਜਪਾ ਦੀ ਤਿਆਰੀ
ਇਸੇ ਕੋਸ਼ਿਸ਼ ਲਈ ਪਾਰਟੀ ਨੇ ਮਾਲਵਾ ’ਚ ਬਕਾਇਦਾ 3 ਦਿਨ ਦਾ ਟ੍ਰੇਨਿੰਗ ਕੈਂਪ ਵੀ ਰੱਖਿਆ ਹੈ, ਜਿਸ 'ਚ ਪੰਜਾਬ ਤੋਂ ਕਰੀਬ 250 ਵਰਕਰ ਅਤੇ ਅਹੁਦੇਦਾਰ ਹਿੱਸਾ ਲੈ ਰਹੇ ਹਨ। ਇਸ ਕੈਂਪ ’ਚ ਕੇਂਦਰ ਤੋਂ ਆਏ ਪਾਰਟੀ ਦੇ ਸੀਨੀਅਰ ਆਗੂ ਸੂਬੇ ਦੀ ਸਰਕਾਰ ’ਤੇ ਕਾਬਜ਼ ਹੋਣ ਲਈ ਉਨ੍ਹਾਂ ਨੂੰ ਗੁਰ ਸਿਖਾ ਰਹੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਪਿਛਲੇ ਦਿਨੀਂ ਮਾਲਵਾ ਦੇ ਬਠਿੰਡਾ ਜ਼ਿਲ੍ਹੇ ’ਚ ਤਿੰਨ ਦਿਨ ਦਾ ਸਮਾਂ ਗੁਜ਼ਾਰ ਕੇ ਗਏ ਹਨ, ਜਿੱਥੇ ਉਨ੍ਹਾਂ ਨੇ ਪਾਰਟੀ ਦੇ ਵੱਖ-ਵੱਖ ਆਗੂਆਂ ਨਾਲ ਬੈਠਕ ਕਰ ਕੇ ਰਣਨੀਤੀ ਤਿਆਰ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita