ਠੇਕਾ ਕਰਮਚਾਰੀ ਮੰਤਰੀ ਆਸ਼ੂ ਦੇ ਘਰ ਤੱਕ 28 ਨੂੰ ਕਰਨਗੇ ਮਸ਼ਾਲ ਮਾਰਚ

06/23/2018 1:36:52 PM

ਲੁਧਿਆਣਾ (ਵਿੱਕੀ) : ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣ ਤੋਂ ਪਹਿਲਾਂ ਕੀਤੇ ਵਾਅਦੇ ਹੁਣ ਸਰਕਾਰ ਬਣਨ ਦੇ ਉਪਰੰਤ ਬਹਾਨਿਆਂ 'ਚ ਬਦਲਦੇ ਦੇਖ ਕਰਮਚਾਰੀਆਂ ਵਲੋਂ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਮੰਤਰੀਆਂ ਦੇ ਘਰ ਵੱਲ ਸ਼ੁਰੂ ਕੀਤੇ ਗਏ ਮਸ਼ਾਲ ਮਾਰਚ ਦਾ ਦੂਜਾ ਪੜਾਅ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਵੱਲ ਹੋਵੇਗਾ। ਇਸ ਲੜੀ 'ਚ ਹੁਣ ਠੇਕਾ ਕਰਮਚਾਰੀ ਐਕਸ਼ਨ ਕਮੇਟੀ ਵਲੋਂ ਲੜੀਬੰਦ ਤਰੀਕੇ ਨਾਲ ਕੈਬਨਿਟ ਮੰਤਰੀਆਂ ਦੇ ਘਰ ਵੱਲ ਮਸ਼ਾਲ ਮਾਰਚ ਕਰ ਰਹੇ ਹਨ ਤੇ ਕਰਮਚਾਰੀਆਂ ਵਲੋਂ ਦੂਜਾ ਮਸ਼ਾਲ ਮਾਰਚ 28 ਜੂਨ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਵੱਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਮੇਟੀ ਦੇ ਨੇਤਾ ਸੱਜਣ ਸਿੰਘ, ਇਮਰਾਨ ਭੱਟੀ, ਆਸ਼ੀਸ਼ ਜੁਲਾਹਾ, ਅਮ੍ਰਿਤਪਾਲ ਸਿੰਘ, ਰਣਜੀਤ ਸਿੰਘ ਰਾਣਵਾ, ਪ੍ਰਵੀਨ ਸ਼ਰਮਾ, ਰਜਿੰਦਰ ਸਿੰਘ ਸੰਘਾ, ਸਤਪਾਲ ਸਿੰਘ, ਰਾਕੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ। ਨੇਤਾਵਾਂ ਨੇ ਕਿਹਾ ਕਿ 22 ਮਈ ਨੂੰ ਕੈਬਨਿਟ ਸਬ-ਕਮੇਟੀ ਵਲੋਂ ਕਰਮਚਾਰੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ 'ਚ ਮੀਟਿੰਗ ਦੌਰਾਨ ਕੀਤੇ ਵਾਅਦੇ ਵੀ ਵਫਾ ਨਹੀਂ ਹੋਏ ਹਨ।