...ਤੇ ਹੁਣ 'ਸੋਲਰ ਸਿਸਟਮ' 'ਤੇ ਚੱਲਣਗੇ ਸਰਕਾਰੀ ਸਕੂਲ

11/04/2019 3:48:01 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪੱਛਮੀ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਹੁਣ ਬਿਜਲੀ ਸੋਲਰ ਊਰਜ ਪ੍ਰਾਜੈਕਟ ਰਾਹੀਂ ਸਪਲਾਈ ਕੀਤੀ ਜਾਵੇਗੀ। ਸਕੂਲਾਂ 'ਚ ਪਲਾਂਟ ਲੱਗਣਗੇ, ਜਿਸ ਦੀ ਮਨਜ਼ੂਰੀ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਲੈ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੇ ਤਹਿਤ 29 ਸਕੂਲਾਂ 'ਚ ਇਹ ਪਲਾਂਟ ਲੱਗਣਗੇ, ਜਿਸ ਨਾਲ ਨਾ ਸਿਰਫ ਸਕੂਲਾਂ ਦੇ ਬਿਜਲੀ ਦੇ ਬਿੱਲ ਬਚਣਗੇ, ਸਗੋਂ ਬਿਜਲੀ ਜਾਣ ਦੀ ਸੂਰਤ 'ਚ ਵੀ ਨਿਰਵਿਘਨ ਸਿੱਖਿਆ ਜਾਰੀ ਰਹੇਗੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਭਗ ਸਵਾ ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ ਅਤੇ ਸਿੱਖਿਆ ਵਿਭਾਗ ਲਈ ਪੰਜਾਬ ਸਰਕਾਰ ਵਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ। ਉਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਤਸਕੀਨ ਅਖਤਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀ ਇਸ ਦਾ ਪ੍ਰਪੋਜ਼ਲ ਸਿੱਖਿਆ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਦੀ ਮਨਜ਼ੂਰੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਸਕੂਲ ਦੀ ਬਿਜਲੀ ਦਾ ਬਿੱਲ 25-50 ਹਜ਼ਾਰ ਰੁਪਏ ਤੱਕ ਆਉਂਦਾ ਹੈ ਅਤੇ ਸੋਲਰ ਪਲਾਂਟ ਲੱਗਣ ਨਾਲ ਇਸ ਤੋਂ ਛੁਟਕਾਰਾ ਮਿਲੇਗਾ।

ਨਾਲ ਹੀ ਬਿਜਲੀ ਜਾਣ ਦੀ ਸੂਰਤ 'ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਵੇਗਾ। ਸਿੱਖਿਆ ਵਿਭਾਗ ਵਲੋਂ ਜਿੱਥੇ ਇੱਕ ਪਾਸੇ ਸਕੂਲਾਂ ਦਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਕੂਲਾਂ 'ਚ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਸੋਲਰ ਸਿਸਟਮ ਪਲਾਂਟ ਵੀ ਲਾਏ ਜਾ ਰਹੇ ਹਨ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ।

Babita

This news is Content Editor Babita