ਭਾਈ ਢੱਡਰੀਆਂਵਾਲੇ ਦੇ ਬਿਆਨ ''ਤੇ ਅਕਾਲ ਤਖਤ ਦੇ ਜਥੇਦਾਰ ਦਾ ਮੋੜਵਾਂ ਜਵਾਬ

02/05/2020 6:48:08 PM

ਤਲਵੰਡੀ ਸਾਬੋ (ਮੁਨੀਸ਼, ਵਸ਼ਿਸ਼ਟ) : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਜਥੇਦਾਰ ਨੇ ਜਿਥੇ ਕਮੇਟੀ ਦੀ ਰਿਪੋਰਟ ਆਉਣ 'ਤੇ ਫੈਸਲਾ ਸੰਗਤ ਵੱਲੋਂ ਕੀਤੇ ਜਾਣ ਦੀ ਗੱਲ ਆਖੀ ਹੈ, ਉਥੇ ਹੀ ਰਣਜੀਤ ਸਿੰਘ ਢੱਡਰੀਆਂ ਨੂੰ ਪੰਥ ਵਿਚੋਂ ਛੇਕਣ ਦੀਆਂ ਖਬਰਾਂ ਨੂੰ ਵੀ ਗਲਤ ਕਰਾਰ ਦਿੱਤਾ ਹੈ। ਭਾਈ ਢੱਡਰੀਆਂਵਾਲਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਖਰਾਬ ਹੋਣ ਦੇ ਦਿੱਤੇ ਬਿਆਨ 'ਤੇ ਜਥੇਦਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਅਤੇ ਸਿਸਟਮ 'ਚ ਕੋਈ ਕਮੀ ਹੈ ਤਾਂ ਉਨ੍ਹਾਂ ਨੂੰ ਇਸ ਬਾਬਤ ਸੁਝਾਅ ਅਤੇ ਸਹਿਯੋਗ ਦੇਣਾ ਚਾਹੀਦਾ ਹੈ। 

ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿੜਾ ਕੱਢਣ ਲਈ ਨਹੀਂ ਬਣਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਹੀ ਹੁੰਦਾ ਤਾਂ ਇਸ ਨਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਕੋਈ ਫਰਕ ਨਹੀਂ ਪੈਂਦਾ। ਅਕਾਲ ਤਖ਼ਤ ਮਹਾਨ ਹੈ ਅਤੇ ਹਮੇਸ਼ਾ ਮਹਾਨ ਹੀ ਰਹੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਵੀ ਫੈਸਲਾ ਕਰਨਾ ਹੈ ਸੰਗਤ ਨੇ ਕਰਨਾ ਹੈ ਜੋ ਕਮੇਟੀ ਦਾ ਫੈਸਲਾ ਹੋਵੇਗਾ, ਉਸ ਨੂੰ ਸਿੱਖ ਸੰਗਤ ਅੱਗੇ ਰੱਖਿਆ ਜਾਵੇਗਾ, ਖਾਲਸਾ ਪੰਥ ਦੀਆਂ ਜਥੇਬੰਦੀਆਂ ਜੋ ਸੁਝਾਅ ਦੇਣਗੀਆਂ, ਉਸੇ ਅਨੁਸਾਰ ਫੈਸਲਾ ਹੋਵੇਗਾ। 

ਜਥੇਦਾਰ ਨੇ ਕਿਹਾ ਕਿ ਉਨ੍ਹਾਂ 'ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ ਤੇ ਨਾ ਹੀ ਉਹ ਕਿਸੇ ਦੇ ਦਬਾਅ ਹੇਠ ਆਉਣਗੇ। ਜਥੇਦਾਰ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਖੁਦ ਹੀ ਪੰਥ 'ਚੋਂ ਛੇਕਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਢੱਡਰੀਆਂਵਾਲੇ ਵਲੋਂ ਐੱਸ. ਜੀ. ਪੀ. ਸੀ. 'ਤੇ ਦੀਵਾਨ ਰੋਕਣ ਦੇ ਲਗਾਏ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ। ਢੱਡਰੀਆਂਵਾਲੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਇਮਾਰਤ ਦੱਸਣ 'ਤੇ ਵੀ ਜਥੇਦਾਰ ਨੇ ਸਖਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਜ਼ਿਸ ਤਹਿਤ ਹੀ ਹਰਿਮੰਦਰ ਸਾਹਿਬ ਨੂੰ ਇਮਾਰਤ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਇਸ ਤਰ੍ਹਾਂ ਦੇ ਵਿਵਾਦ ਪੈਦਾ ਹੋਣ ਨਾਲ ਸਿੱਖਾਂ ਵਿਚ ਮਾੜਾ ਅਸਰ ਪੈ ਰਿਹਾ ਹੈ, ਇਸ ਲਈ ਹੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਤਾਂ ਜੋ ਗੱਲਬਾਤ ਕਰਕੇ ਮਾਮਲੇ ਨੂੰ ਹੱਲ ਕੀਤਾ ਜਾ ਸਕੇ।

Gurminder Singh

This news is Content Editor Gurminder Singh