ਭਗਵੰਤ ਮਾਨ ਦਾ ਵੱਡਾ ਖ਼ੁਲਾਸਾ, ਭਾਜਪਾ ਦੇ ਵੱਡੇ ਲੀਡਰ ਨੇ ਫੋਨ ਕਰਕੇ ਦਿੱਤਾ ਆਫ਼ਰ

12/05/2021 11:07:08 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਐੱਮ. ਪੀ. ਭਗਵੰਤ ਮਾਨ ਨੇ ਵੱਡਾ ਖ਼ੁਲਾਸਾ ਕਰਦਿਆਂ ਆਖਿਆ ਹੈ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਪੈਸੇ ਦੇ ਜ਼ੋਰ ਅਤੇ ਅਹੁਦੇ ਦਾ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਮੈਨੂੰ ਭਾਜਪਾ ਦੇ ਇਕ ਬਹੁਤ ਵੱਡੇ ਆਗੂ ਦਾ ਫੋਨ ਆਇਆ ਸੀ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਮਾਨ ਸਾਬ੍ਹ ਭਾਜਪਾ ਵਿਚ ਆਉਣ ਦਾ ਕੀ ਲਵੋਗੇ, ਰਕਮ ਚਾਹੀਦੀ ਹੈ ਜਾਂ ਤੁਹਾਨੂੰ ਕੇਂਦਰੀ ਕੈਬਨਿਟ ਵਿਚ ਮੰਤਰੀ ਬਣਾ ਦੇਈਏ। ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਐੱਮ. ਪੀ. ਹੋ ਇਸ ਲਈ ਤੁਹਾਡੇ ’ਤੇ ਐਂਟੀ ਡਿਫੈਕਸ਼ਨ ਲਾਅ ਵੀ ਲਾਗੂ ਨਹੀਂ ਹੁੰਦਾ, ਜੇ ਤੁਸੀਂ ਭਾਜਪਾ ਵਿਚ ਆਉਂਦੇ ਹੋ ਤਾਂ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਾਵੇਗਾ, ਅਹੁਦਾ ਤੁਸੀਂ ਦੱਸ ਦਿਓ ਕਿਹੜਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਮੈਂ ਮਿਸ਼ਨ ’ਤੇ ਹਾਂ ਕਮਿਸ਼ਨ ’ਤੇ ਨਹੀਂ, ਉਹ ਨੋਟ ਅਜੇ ਤਕ ਨਹੀਂ ਬਣੇ ਜਿਹੜੇ ਭਗਵੰਤ ਮਾਨ ਨੂੰ ਖਰੀਦ ਸਕਣ। ਜਦੋਂ ਮੇਰਾ ਕਰੀਅਰ ਪੀਕ ’ਤੇ ਸੀ, ਉਸ ਸਮੇਂ ਸਭ ਕੁੱਝ ਛੱਡ ਦਿੱਤਾ। ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੇ ਆਪਣਏ ਖੂਨ ਪਸੀਨੇ ਨਾਲ ਸਿੰਜਿਆ ਹੈ।

ਇਹ ਵੀ ਪੜ੍ਹੋ : ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਮਾਨ ਨੇ ਕਿਹਾ ਕਿ ਲੋਕ ਮੇਰੇ ’ਤੇ ਵਿਸ਼ਵਾਸ ਕਰਦੇ ਹਨ ਅਤੇ ਭਾਜਪਾ ਨੇ ਮੇਰੇ ਵਿਸ਼ਵਾਸ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਭਗਵੰਤ ਮਾਨ ਜਾਂ ਮੇਰੇ ਵਰਕਰਾਂ ਨੂੰ ਖਰੀਦ ਸਕੇ। ਮੇਰੀ ਪਾਰਟੀ ਨਾਲ ਕੋਈ ਲੜਾਈ ਨਹੀਂ, ਪਰਿਵਾਰ ਵਿਚ ਬਹੁਤ ਗੱਲਾਂ ਹੋ ਜਾਂਦੀਆਂ ਹਨ ਪਰ ਉਹ ਅਸੀਂ ਆਪ ਹੀ ਨਬੇੜ ਲਵਾਂਗੇ। ਇਸ ਦੌਰਾਨ ਮਾਨ ਨੇ ਗੁਰਭਜਨ ਗਿੱਲ ਦਾ ਇਕ ਸ਼ੇਅਰ ਸਾਂਝਾ ਕਰਦਿਆਂ ਕਿਹਾ ਕਿ ‘ਆਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਵਿਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ, ਗਰਦਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।’ ਮੈਂ ਪੰਜਾਬ ਦੀ ਗਰਦਨ ਸਿੱਧੀ ਰੱਖਣੀ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਬਗਾਵਤ, ਕੈਪਟਨ ਦੇ ਹੱਕ ’ਚ ਖੜ੍ਹਨ ਵਾਲਿਆਂ ’ਤੇ ਕਾਂਗਰਸ ਦੀ ਵੱਡੀ ਕਾਰਵਾਈ!

ਮਾਨ ਨੇ ਕਿਹਾ ਕਿ ਜਿਹੜੀ ਪਾਰਟੀ ਸਾਢੇ ਸੱਤ ਸੋ ਕਿਸਾਨਾਂ ਦੀ ਜਾਨ ਲੈ ਚੁੱਕੀ ਹੋਵੇ, ਉਹ ਪਾਰਟੀ ਜਿਸ ਨੇ ਲਖੀਮਪੁਰ ਖੀਰੀ ਵਿਚ ਕੀੜੀਆਂ ਵਾਂਗ ਕਿਸਾਨਾਂ ਨੂੰ ਦਰੜਿਆ, ਜਿਸ ਨੇ ਕਿਸਾਨਾਂ ਮਾਵਾਂ-ਭੈਣਾਂ ਨੂੰ ਇਕ ਸਾਲ ਤੱਕ ਦਿੱਲੀ ਦੇ ਬਾਰਡਰਾਂ ’ਤੇ ਸੂਲੀ ’ਤੇ ਟੰਗੀ ਰੱਖਿਆ, ਉਨ੍ਹਾਂ ਦੀ ਕੁਰਸੀ ਨਾਲੋਂ ਮੈਂ ਏਦਾਂ ਹੀ ਚੰਗਾ ਹਾਂ। ਮਾਨ ਨੇ ਕਿਹਾ ਕਿ ਭਾਜਪਾ ਦਾ ਅੱਜ ਪੰਜਾਬ ਵਿਚ ਕੋਈ ਆਧਾਰ ਨਹੀਂ, ਨਾ ਸ਼ਹਿਰਾਂ ਵਿਚ ਨਾ ਪਿੰਡਾਂ ਵਿਚ ਉਨ੍ਹਾਂ ਨੂੰ ਲੋਕ ਮੀਟਿੰਗ ਜਾਂ ਰੈਲੀ ਕਰਨ ਲਈ ਵੜਨ ਨਹੀਂ ਦੇ ਰਹੇ ਹਨ। ਭਾਜਪਾ ਪੰਜਾਬ ਵਿਚ ਨਫਰਤ ਦੀ ਪਾਤਰ ਬਣ ਚੁੱਕੀ ਹੈ, ਲਿਹਾਜ਼ਾ ਹੁਣ ਇਹ ਸਿਰਫ ਜੋੜ ਤੋੜ ਦੀ ਸਿਆਸਤ ਕਰਕੇ ਆਪਣਾ ਆਧਾਰ ਬਣਾਉਣਾ ਚਾਹੁੰਦੀ ਹੈ। ਮਾਨ ਨੇ ਕਿਹਾ ਕਿ ਭਾਜਪਾ ਵਲੋਂ ਸਾਡੇ ਹੋਰ ਅਹੁਦੇਦਾਰਾਂ ਅਤੇ ਵਿਧਾਇਕਾਂ ਨੂੰ ਵੀ ਫੋਨ ਕੀਤੇ ਜਾ ਰਹੇ ਹਨ ਪਰ ਭਾਜਪਾ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਖਰੀਦ ਸਕੇ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਸਮੇਂ ਗੈਸਟਫੈਕਲਟੀ ਅਧਿਆਪਕਾਂ ਦੀ ਸਿਫ 6 ਹਜ਼ਾਰ ਤਨਖਾਹ ਸੀ ਪਰ ਅੱਜ ਉਨ੍ਹਾਂ ਦੀ ਤਨਖਾਹ 36000 ਰੁਪਏ ਹੈ। ਕਾਂਗਰਸ ਇਕੱਲੇ 72 ਦਿਨਾਂ ਦਾ ਹਿਸਾਬ ਨਹੀਂ ਸਗੋਂ ਪੌਣੇ ਪੰਜ ਸਾਲ ਦਾ ਹਿਸਾਬ ਦੇਵੇ। ਸਿਰਫ ਡਰਾਇਵਰ ਬਦਲ ਕੇ ਬਸ ਠੀਕ ਨਹੀਂ ਹੁੰਦੀ। ਮੈਂ ਪਹਿਲਾਂ ਹੀ ਕਿਹਾ ਸੀ ਕਿ ਸਿਰਫ ਅਲੀ ਬਾਬਾ ਹੀ ਬਦਲਿਆ ਹੈ ਚਾਲੀ ਚੋਰ ਉਹੀ ਹਨ। ਕੈਪਟਨ ਖੁਦ ਆਖ ਚੁੱਕੇ ਹਨ ਕਿ ਮੇਰੇ ਕੁੱਝ ਮੰਤਰੀ ਮਾਫੀਆ ਨਾਲ ਮਿਲੇ ਹੋਏ ਹਨ, ਸਿਰਫ ਐਲਾਨਾਂ ਨਾਲ ਕੰਮ ਨਹੀਂ ਹੋਵੇਗਾ, ਇਸ ’ਤੇ ਅਮਲ ਕਰਨਾ ਜ਼ਰੂਰੀ ਹੈ।

ਨੋਟ - ਭਗਵੰਤ ਮਾਨ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh