ਢਹਿ-ਢੇਰੀ ਹੋਈ ਸੂਬੇ ਦੀ ਕਾਨੂੰਨ ਵਿਵਸਥਾ : ਭਗਵੰਤ ਮਾਨ

10/10/2019 2:34:22 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੰਗਲਰਾਜ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦਮ ਤੋੜ ਚੁੱਕੀ ਹੈ। ਪਿਛਲੇ ਇਕ ਮਹੀਨੇ ਦੀਆਂ ਖ਼ਬਰਾਂ ਅਤੇ ਵਾਰਦਾਤਾਂ ਜ਼ੀਰੋ ਹੋਈ ਕਾਨੂੰਨ ਵਿਵਸਥਾ ਦੀ ਪ੍ਰਤੱਖ ਮਿਸਾਲ ਹਨ।

'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਇਕ ਮਹੀਨੇ ਦੌਰਾਨ ਹੀ ਪੁਲਸ ਟੀਮਾਂ 'ਤੇ ਨਸ਼ਾ ਸਮੱਗਲਰਾਂ ਵਲੋਂ ਹੋ ਰਹੇ ਵਾਰ-ਵਾਰ ਹਮਲੇ ਸਾਬਿਤ ਕਰਦੇ ਹਨ ਕਿ 4 ਹਫ਼ਤਿਆਂ 'ਚ ਨਸ਼ਿਆਂ ਅਤੇ ਨਸ਼ਾ ਸਮੱਗਲਰਾਂ ਦੇ ਲੱਕ ਤੋੜ ਦੇਣ ਦੀਆਂ ਕਸਮਾਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਲਟਾ ਡਰੱਗ ਮਾਫ਼ੀਆ ਅਤੇ ਹੋਰ ਅਪਰਾਧੀਆਂ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਕੈ. ਅਮਰਿੰਦਰ ਗ੍ਰਹਿ ਮੰਤਰੀ ਵਜੋਂ ਵੀ ਪੂਰੀ ਤਰ੍ਹਾਂ 'ਫਲਾਪ' ਸਾਬਤ ਹੋਏ ਹਨ। ਭਗਵੰਤ ਮਾਨ ਨੇ ਮੰਗ ਕੀਤੀ ਕਿ ਇਤਿਹਾਸ ਦਾ 'ਸੁਪਰ ਫਲਾਪ' ਮੁੱਖ ਮੰਤਰੀ ਵਾਂਗ ਗ੍ਰਹਿ ਮੰਤਰੀ ਵਜੋਂ ਵੀ ਕੈ. ਅਮਰਿੰਦਰ ਸਿੰਘ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਸ ਲਈ ਕੈਪਟਨ ਤੁਰੰਤ ਗੱਦੀ ਛੱਡਣ ਅਤੇ ਪੰਜਾਬ ਨੂੰ ਕਾਬਲ ਅਤੇ ਸੁਰੱਖਿਅਤ ਹੱਥਾਂ 'ਚ ਸੌਂਪਣ।
ਭਗਵੰਤ ਮਾਨ ਨੇ ਬਠਿੰਡਾ ਪੁਲਸ 'ਤੇ ਨਸ਼ਾ ਸਮੱਗਲਰਾਂ ਵਲੋਂ ਕੀਤੇ ਹਮਲੇ ਦੇ ਹਵਾਲੇ ਨਾਲ ਕਿਹਾ ਕਿ ਬੇਲੋੜੀ ਸਿਆਸੀ ਦਖ਼ਲ–ਅੰਦਾਜ਼ੀ ਅਤੇ ਬਹੁਭਾਂਤੀ ਮਾਫ਼ੀਆ ਦੇ ਦਬਦਬੇ ਨੇ ਪੰਜਾਬ ਪੁਲਸ ਨੂੰ ਬੇਵੱਸ ਕਰ ਕੇ ਰੱਖ ਦਿੱਤਾ ਹੈ। ਅਜਨਾਲਾ ਦੇ ਪਿੰਡ 'ਚ ਪੁਲਸ ਦਾ ਸ਼ਰੇਆਮ ਕੁਟਾਪਾ, ਜੰਡਿਆਲਾ ਨੇੜੇ ਐੱਸ.ਟੀ.ਐੱਫ. ਦੇ ਜਵਾਨ ਦੀ ਸ਼ਰੇਆਮ ਹੱਤਿਆ, ਗੋਇੰਦਵਾਲ ਸਾਹਿਬ ਨੇੜੇ ਪੁਲਸ ਪਾਰਟੀ 'ਤੇ ਹਮਲਾ ਅਤੇ ਬਠਿੰਡਾ 'ਚ ਪਿਆਜ਼ਾਂ ਦੇ ਭਰੇ ਟਰੱਕ ਨੂੰ ਲੁੱਟਣ ਦੀ ਕੋਸ਼ਿਸ਼ 'ਚ ਡਰਾਈਵਰ ਦੇ ਕਤਲ ਵਰਗੀਆਂ ਅਣਗਿਣਤ ਘਟਨਾਵਾਂ ਨੇ ਬਾਦਲਾਂ ਦੇ ਮਾਫ਼ੀਆ ਰਾਜ 'ਚ ਹੋਏ ਛੇਹਰਟਾ ਕਾਂਡ ਨੂੰ ਫਿੱਕਾ ਪਾ ਦਿੱਤਾ ਹੈ।

Babita

This news is Content Editor Babita