ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਬਹੁਤ ਵਿਗੜੀ : ਭਗਵੰਤ ਮਾਨ

08/18/2019 12:01:15 PM

ਫਤਿਹਗੜ੍ਹ ਸਾਹਿਬ (ਜੱਜੀ)— ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਬਹੁਤ ਵਿਗੜ ਗਈ ਹੈ, ਜੇਲਾਂ ਵਿਚ ਕਤਲ ਹੋ ਰਹੇ ਹਨ। ਜੇਲਾਂ ਵਿਚ ਹੀ ਬੈਠੇ ਲੋਕ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ ਤੇ ਪੁਲਸ ਵਾਲੇ ਨਸ਼ਿਆਂ ਸਮੇਤ ਫੜੇ ਜਾ ਰਹੇ ਹਨ, ਜਦੋਂ ਬਾਗ ਦਾ ਮਾਲੀ ਹੀ ਬੇਈਮਾਨ ਹੋ ਜਾਵੇ ਤਾਂ ਉਸ ਬਾਗ ਨੂੰ ਕੌਣ ਬਚਾਵੇਗਾ? ਜੇਕਰ ਪੁਲਸ ਹਿਰਾਸਤ ਵਿਚ ਵੀ ਕੋਈ ਸੁਰੱਖਿਅਤ ਨਹੀਂ ਹੈ ਤਾਂ ਫਿਰ ਹੋਰ ਕਿੱਥੇ ਸੁਰੱਖਿਅਤ ਹੋਵੇਗਾ? ਪਿਛਲੇ ਇਕ ਮਹੀਨੇ ਵਿਚ 8-9 ਮੌਤਾਂ ਪੁਲਸ ਦੀ ਹਿਰਾਸਤ 'ਚ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜੋ ਨਸ਼ੇ ਦੇ ਸੌਦਾਗਰ ਹਨ ਉਹ ਨਹੀਂ ਚਾਹੁੰਦੇ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਵੇ। ਲੋਕ ਇਨਸਾਫ ਲਈ ਦਫਤਰਾਂ ਦੇ ਚੱਕਰ ਲਾ ਰਹੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਸ ਨੂੰ ਵੀ ਨਸ਼ੇ ਦੀ ਖੇਪ ਨਾਲ ਫੜਿਆ ਜਾਂਦਾ ਹੈ ਉਸ ਦਾ ਕਤਲ ਹੋ ਜਾਂਦਾ ਹੈ ਜਾਂ ਉਹ ਆਤਮ-ਹੱਤਿਆ ਕਰ ਲੈਂਦਾ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਨਸ਼ੇ ਦੇ ਸੌਦਾਗਰਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਹੀ ਨਸ਼ੇ ਕਰਦੇ ਸਨ, ਹੁਣ ਤਾਂ ਲੜਕੀਆਂ ਵੀ ਨਸ਼ੇ 'ਚ ਗ੍ਰਸਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ 'ਚ ਹਨ ਪਰ ਉਹ ਪੰਜਾਬ ਦੀ ਬਿਹਤਰੀ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ, ਪਰ ਸਰਕਾਰ ਪੂਰੀ ਈਮਾਨਦਾਰੀ ਨਾਲ ਨਸ਼ਾ ਖਤਮ ਕਰਨ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਸਮੇਤ ਸਾਰੀਆਂ ਪਾਰਟੀਆਂ ਤੇ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖਿਲਾਫ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਵਿਰੁੱਧ ਮਾਮਲੇ ਦਰਜ ਕਰ ਕੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਚ 4 ਪੱਤਰਕਾਰਾਂ ਤੇ 3 'ਆਪ' ਦੇ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜੋ ਕਿ ਸੱਚ ਤੋਂ ਕੋਹਾਂ ਦੂਰ ਹੈ। ਉਨ੍ਹਾਂ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਪ ਪਾਰਟੀ ਦੇ ਵਰਕਰ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਨ ਤੇ ਪੱਤਰਕਾਰ ਉਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ, ਜਿਸ ਕਾਰਣ ਇਹ ਝੂਠਾ ਮਾਮਲਾ ਦਰਜ ਕਰ ਕੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ 5 ਸਤੰਬਰ ਨੂੰ (ਸਰਕਾਰੀ ਜਬਰ-ਜ਼ੁਲਮ ਖਿਲਾਫ ਸਾਂਝਾ ਮੋਰਚਾ) ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਉਹ ਪਹੁੰਚਣਗੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤੇ ਅਫਸਰਾਂ ਨੂੰ ਵਾਗਡੋਰ ਸੌਂਪ ਦਿੱਤੀ ਹੈ ਤੇ ਆਪ ਉਹ ਕਿਸੇ ਨੂੰ ਮਿਲਦੇ ਨਹੀਂ ਹਨ। ਅਫਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ 90 ਸੀਟਾਂ 'ਤੇ ਆਪ ਪਾਰਟੀ ਚੋਣ ਲੜੇਗੀ। ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਢਾਹੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਅੰਡਰ 'ਡੀਡੀਏ' ਹੈ। ਇਸ ਲਈ ਮੰਦਰ ਭਾਜਪਾ ਦੀ ਸ਼ਹਿ 'ਤੇ ਢਾਹਿਆ ਗਿਆ ਹੈ। ਇਸ ਮੰਦਿਰ ਨੂੰ ਢਾਹੇ ਜਾਣ ਤੋਂ ਪਹਿਲਾਂ ਇਸ ਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਸੀ। ਇਸ ਤੋਂ ਸਾਫ ਜ਼ਾਹਿਰ ਹੈ ਕਿ ਭਾਜਪਾ ਇਸ 'ਤੇ ਰਾਜਨੀਤੀ ਕਰ ਰਹੀ ਹੈ।

ਇਸ ਮੌਕੇ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ, ਮਹਿਲਾ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਸੁਖਵਿੰਦਰ ਕੌਰ, ਪਾਵੇਲ ਹਾਂਡਾ, ਸੰਤੋਖ ਸਿੰਘ ਸਲਾਣਾ, ਅਜੀਤ ਸਿੰਘ ਤਿੰਬਰਪੁਰ, ਜਗਦੇਵ ਸਿੰਘ ਅਮਲੋਹ, ਸਿਕੰਦਰ ਸਿੰਘ ਗੋਗੀ, ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Shyna

This news is Content Editor Shyna