ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ''ਤੇ ਬੈਂਸ ਦੀ ''ਸ਼ੁਰਲੀ''

01/21/2019 7:07:10 PM

ਲੁਧਿਆਣਾ (ਵੈੱਬ ਡੈਸਕ) : ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਬੈਂਸ ਨੇ ਭਗਵੰਤ ਮਾਨ ਨੂੰ ਆਪਣੇ ਸਟੈਂਡ 'ਤੇ ਕਾਇਮ ਰਹਿਣ ਲਈ ਵੀ ਕਿਹਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਮਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਬਾਕੀ ਨਸ਼ੇੜੀਆਂ ਨੂੰ ਭਗਵੰਤ ਮਾਨ ਦੀ ਮਿਸਾਲ ਦੇ ਕੇ ਨਸ਼ੇ ਤੋਂ ਤੌਬਾ ਕਰਨ ਦੀ ਹਿਦਾਇਤ ਕਰਨਗੇ। ਬੈਂਸ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਵਰਗਾ ਵਿਅਕਤੀ ਸ਼ਰਾਬ ਛੱਡ ਸਕਦਾ ਹੈ ਫਿਰ ਬਾਕੀ ਨੌਜਵਾਨ ਨਸ਼ਾ ਕਿਉਂ ਨਹੀਂ ਛੱਡ ਸਕਦੇ। 
ਬੈਂਸ ਨੇ ਕਿਹਾ ਕਿ ਭਾਵੇਂ ਹੁਣ ਭਗਵੰਤ ਮਾਨ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਸ਼ਰਾਬ ਨਹੀਂ ਪੀਂਦੇ ਸਨ ਅਤੇ ਵਿਰੋਧੀਆਂ ਵਲੋਂ ਉਨ੍ਹਾਂ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾਂਦਾ ਸੀ ਪਰ ਮਾਨ ਦੀ ਸ਼ਰਾਬ ਦੀ ਸੱਚਾਈ ਤਾਂ ਸਾਰੀ ਦੁਨੀਆ ਜਾਣਦੀ ਹੈ। ਬੈਂਸ ਨੇ ਕਿਹਾ ਕਿ ਜਿਸ ਸਮੇਂ ਭਗਵੰਤ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਰਾਬ ਪੀ ਕੇ ਸਟੇਜ 'ਤੇ ਚਲਾ ਗਿਆ ਸੀ, ਉਸ ਸਮੇਂ ਵੱਡਾ ਵਿਵਾਦ ਹੋਣ ਤੋਂ ਬਚਾਅ ਹੋਇਆ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੰਸਦ ਵਿਚ ਵੀ ਸ਼ਰਾਬ ਪੀ ਕੇ ਚਲੇ ਜਾਂਦੇ ਸਨ ਸ਼ਾਇਦ ਇਸ ਲਈ ਕੇਂਦਰੀ ਲੀਡਰ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦੇ, ਹੁਣ ਜਦੋਂ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਹੈ ਤਾਂ ਉਸ ਨੂੰ ਸਾਬਤ ਸੂਰਤ ਹੋ ਕੇ ਸੰਸਦ ਵਿਚ ਜਾਣਾ ਚਾਹੀਦਾ ਹੈ, ਫਿਰ ਸ਼ਾਇਦ ਉਨ੍ਹਾਂ ਦੀ ਸਪੀਚ ਨੂੰ ਕੋਈ ਗੰਭੀਰਤਾ ਨਾਲ ਲੈ ਲਵੇ।

Gurminder Singh

This news is Content Editor Gurminder Singh