ਹਾਈਕਮਾਨ ਦੇ ਇਸ਼ਾਰੇ ''ਤੇ ਹੀ ਭਗਵੰਤ ਮਾਨ ਨੇ ''ਮਜੀਠੀਆ ਮੁਆਫੀ'' ''ਤੇ ਦਿੱਤਾ ਸੀ ਅਸਤੀਫਾ : ਖਹਿਰਾ

08/09/2018 6:37:06 AM

ਚੰਡੀਗੜ੍ਹ,  (ਰਮਨਜੀਤ)—  ਆਮ ਆਦਮੀ ਪਾਰਟੀ (ਆਪ) ਦੇ ਧੜਿਆਂ 'ਚ ਚੱਲ ਰਹੀ ਜੰਗ 'ਚ ਬੁੱਧਵਾਰ ਨੂੰ ਸੁਖਪਾਲ ਸਿੰਘ ਖਹਿਰਾ ਨੇ ਸੰਸਦ ਮੈਂਬਰ ਭਗਵੰਤ ਮਾਨ 'ਤੇ ਤਿੱਖਾ ਹਮਲਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਕੋਲੋਂ ਅਰਵਿੰਦ ਕੇਜਰੀਵਾਲ ਵਲੋਂ ਮੁਆਫੀ ਮੰਗਣ ਤੋਂ ਬਾਅਦ ਭਗਵੰਤ ਮਾਨ ਵਲੋਂ ਦਿੱਤਾ ਗਿਆ ਅਸਤੀਫਾ ਅਸਲ 'ਚ ਪਾਰਟੀ ਦੀ 'ਸਟ੍ਰੈਟਜੀ' ਦਾ ਹਿੱਸਾ ਸੀ। ਭਗਵੰਤ ਮਾਨ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਜਦੋਂ ਤੋਂ ਸਿਆਸਤ ਕਰਦਾ ਹਾਂ, ਕਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਲਗਾਤਾਰ ਲੋਕਾਂ ਅਤੇ ਪੰਜਾਬ ਲਈ ਲੜਦਾ ਆਇਆ ਹਾਂ ਪਰ ਭਗਵੰਤ ਮਾਨ ਹੀ ਹਨ, ਜੋ 3 ਪਾਰਟੀਆਂ ਅਤੇ ਵਿਚਾਰਧਾਰਾ ਬਦਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਮਾਨ ਨੇ ਖੁਦ ਤਾਂ ਪਿਛਲੇ ਇਕ ਸਾਲ ਦੌਰਾਨ ਪਾਰਟੀ ਦਾ ਹਾਲ ਤੱਕ ਨਹੀਂ ਪੁੱਛਿਆ। ਨਾ ਉਹ ਕਿਸੇ ਨੂੰ ਮਿਲੇ, ਨਾ ਪੰਜਾਬ 'ਚ ਕਿਤੇ ਦੌਰੇ 'ਤੇ ਗਏ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਕਿ ਮਾਨ ਉਨ੍ਹਾਂ ਖਿਲਾਫ ਅਜਿਹਾ ਬਿਆਨ ਦੇਣਗੇ।
ਖਹਿਰਾ ਨੇ ਖੁਲਾਸਾ ਕੀਤਾ ਕਿ ਜਦੋਂ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਸੀ ਤਾਂ ਭਗਵੰਤ ਮਾਨ ਨੇ ਇਸ ਦੇ ਵਿਰੋਧ 'ਚ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਿਰੋਧ ਉਨ੍ਹਾਂ (ਖਹਿਰਾ) ਨੇ ਵੀ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਵੀ ਬਹੁਤ ਭੈੜਾ ਲੱਗਾ ਸੀ ਪਰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸੀ। ਉਸ ਦੌਰਾਨ ਇਕ ਬੈਠਕ ਦੇ ਸਿਲਸਿਲੇ 'ਚ ਪੰਜਾਬ ਆਏ ਮਨੀਸ਼ ਸਿਸੋਦੀਆ ਨਾਲ ਉਨ੍ਹਾਂ ਨੇ ਚਾਹ 'ਤੇ ਆਪਣੇ ਘਰ 'ਚ ਮੁਲਾਕਾਤ ਕੀਤੀ ਸੀ। ਉਕਤ ਮੁਲਾਕਾਤ ਦੌਰਾਨ ਸਿਸੋਦੀਆ ਨੇ ਕਿਹਾ ਸੀ ਕਿ ਕਿਸੇ ਵੀ ਮਾਮਲੇ 'ਤੇ ਤੁਰੰਤ ਪ੍ਰਤੀਕਿਰਿਆ ਨਾ ਦਿਓ ਜਿਵੇਂ ਕਿ ਕੇਜਰੀਵਾਲ ਦੀ ਮੁਆਫੀ 'ਤੇ ਵੀ ਕੀਤਾ ਹੈ। ਗੱਲ ਕਰ ਲੈਂਦੇ ਤਾਂ ਪਤਾ ਲੱਗ ਜਾਂਦਾ ਅਤੇ ਪਲਾਨਿੰਗ ਤਹਿਤ ਕੰਮ ਕਰਦੇ ਜਿਵੇਂ ਕਿ ਭਗਵੰਤ ਮਾਨ ਨੇ ਪਲਾਨਿੰਗ ਤਹਿਤ ਹੀ ਅਸਤੀਫਾ ਦਿੱਤਾ ਹੈ ਤਾਂ ਕਿ ਪੰਜਾਬ 'ਚ ਪਾਰਟੀ ਦਾ ਅਕਸ ਠੀਕ ਬਣਿਆ ਰਹੇ। 
ਖਹਿਰਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਪੂਰਾ ਢਾਂਚਾ ਖਤਮ ਹੋ ਚੁੱਕਾ ਹੈ, ਪਾਰਟੀ ਕਮਜ਼ੋਰ ਹੋ ਚੁੱਕੀ ਹੈ। ਅਜਿਹੇ 'ਚ ਸਾਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੀ ਬਠਿੰਡਾ ਵਾਲੰਟੀਅਰ ਕਨਵੈਨਸ਼ਨ ਕਰਨੀ ਪਈ। ਲੋਕਾਂ ਦਾ ਸਾਥ ਮਿਲਿਆ ਹੈ ਅਤੇ ਵਾਲੰਟੀਅਰਜ਼ ਨੇ ਹੀ ਸਾਨੂੰ ਅਥਾਰਿਟੀ ਦਿੱਤੀ ਹੈ ਨਵਾਂ ਢਾਂਚਾ ਖੜ੍ਹਾ ਕਰਨ ਦੀ। 
ਪਟਿਆਲੇ ਦੇ ਸਨੌਰ ਇਲਾਕੇ 'ਚ ਪੁਲਸ ਵੱਲੋਂ ਨੌਜਵਾਨਾਂ 'ਤੇ ਜ਼ੁਲਮ ਦੇ ਮਾਮਲੇ 'ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਦੌਰਾ ਕਰਕੇ ਤੱਥਾਂ ਦੀ ਜਾਣਕਾਰੀ ਲਈ ਹੈ। ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਇਸ 'ਤੇ ਤੱਤਕਾਲ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ 11 ਅਗਸਤ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਖਹਿਰਾ ਨੇ ਗੁਰਦਾਸਪੁਰ ਦੇ ਕਾਦੀਆਂ ਨੇੜੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਰੇਪ ਦੀ ਵੀ ਨਿੰਦਾ ਕਰਦੇ ਹੋਏ ਸਾਰੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਪੀੜਤ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨਾਲ ਹਮਦਰਦੀ ਲਈ ਉਹ ਉਨ੍ਹਾਂ ਦੇ ਘਰ ਵੀ ਜਾਣਗੇ। 
ਪੰਜਾਬ 'ਚ ਪਾਰਟੀ ਦਾ ਭੈੜਾ ਹਾਲ
ਇਸ ਦੌਰਾਨ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਦਾ ਪੰਜਾਬ 'ਚ ਕਾਫ਼ੀ ਭੈੜਾ ਹਾਲ ਹੋ ਚੁੱਕਿਆ ਹੈ ਅਤੇ ਭਗਵੰਤ ਮਾਨ ਪਾਰਟੀ ਖੜ੍ਹੀ ਕਰਨ ਦੀ ਗੱਲ ਕਰਦੇ ਹਨ। ਸੰਧੂ ਨੇ ਕਿਹਾ ਕਿ ਰਾਜ ਦੇ 117 ਵਿਧਾਨਸਭਾ ਹਲਕਿਆਂ 'ਚੋਂ 60 'ਚ ਕੋਈ ਹਲਕਾ ਇੰਚਾਰਜ ਹੀ ਨਹੀਂ ਬਣਾਇਆ ਗਿਆ। ਇਸ ਤਰ੍ਹਾਂ ਪਾਰਟੀ ਕਿਵੇਂ ਚੱਲੇਗੀ। ਇਸ ਲਈ ਬਠਿੰਡਾ ਕਨਵੈਨਸ਼ਨ 'ਚ ਵਾਲੰਟੀਅਰਜ਼ ਨੇ ਨਵਾਂ ਢਾਂਚਾ ਖੜ੍ਹਾ ਕਰਨ ਦਾ ਫੈਸਲਾ ਲਿਆ। ਭਗਵੰਤ ਮਾਨ ਉਨ੍ਹਾਂ ਦੇ ਛੋਟੇ ਭਰਾ ਹਨ ਅਤੇ ਉਹ ਵੀ ਉਨ੍ਹਾਂ ਨਾਲ ਹੀ ਆਉਣਗੇ। ਅਜਿਹੇ 'ਚ ਉਹ ਉਨ੍ਹਾਂ 'ਤੇ ਜਾਂ ਕਿਸੇ ਐੱਮ.ਐੱਲ.ਏ. 'ਤੇ ਕੋਈ ਦੋਸ਼ ਨਹੀਂ ਲਾਉਣਾ ਚਾਹੁੰਦੇ।
ਸੰਧੂ ਨੇ ਖੁਦ ਐੱਲ. ਓ. ਪੀ. ਬਣਨ ਦੇ ਦੋਸ਼ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਖਹਿਰਾ ਸਭ ਜਾਣਦੇ ਹਨ। ਖਹਿਰਾ ਨੇ ਕਿਹਾ ਕਿ ਇਹ ਦੋਸ਼ ਲਾਉਣ ਵਾਲਿਆਂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਸਰਾਸਰ ਝੂਠ ਹੈ।
ਬਹਿਬਲ ਕਲਾਂ ਮਾਮਲੇ 'ਚ ਵਿਧਾਨਸਭਾ ਦਾ ਹੋਵੇ ਵਿਸ਼ੇਸ਼ ਸੈਸ਼ਨ
ਸੁਖਪਾਲ ਖਹਿਰਾ ਨੇ ਬਹਿਬਲ ਕਲਾਂ ਮਾਮਲੇ 'ਤੇ ਹੌਲੀ ਕਾਰਵਾਈ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਕੈਪਟਨ ਸਰਕਾਰ ਨੇ ਬਹੁਤ ਹੀ ਕਮਜ਼ੋਰ ਕਦਮ ਚੁੱਕਿਆ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਖੁਦ ਕਹਿੰਦੇ ਰਹੇ ਹਨ ਕਿ ਸੀ. ਬੀ. ਆਈ. ਨੂੰ ਮਾਮਲਾ ਸੌਂਪਣ ਦਾ ਮਤਲਬ ਹੈ ਠੰਡੇ ਬਸਤੇ 'ਚ ਪਾਉਣਾ। ਹੁਣ ਉਨ੍ਹਾਂ ਨੇ ਖੁਦ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪ ਦਿੱਤਾ ਹੈ। ਮਤਲਬ ਉਹ ਵੀ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ ਹਨ। 
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਟੇਟ ਪੁਲੀਟੀਕਲ ਅਫੇਅਰਜ਼ ਕਮੇਟੀ ਇਸ ਮਾਮਲੇ 'ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰਦੀ ਹੈ। ਇਸ ਮਾਮਲੇ 'ਚ ਸਾਰੇ ਦੋਸ਼ੀ ਪੁਲਸ ਵਾਲਿਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ। ਉਸ ਤੋਂ ਬਾਅਦ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।