ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਪਾਲਿਸੀ 'ਚ 31 ਮਾਰਚ ਤੱਕ ਕੀਤਾ ਵਾਧਾ

11/29/2017 11:55:13 AM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਲਾਭ ਮੁਹੱਈਆ ਕਰਵਾਉਣ ਸਬੰਧੀ ਯੋਜਨਾ ਦੀ ਪਾਲਿਸੀ 'ਚ 31 ਮਾਰਚ 2018 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ 50,000 ਰੁਪਏ ਤੱਕ ਦਾ ਨਕਦੀ ਰਹਿਤ ਸਿਹਤ ਬੀਮਾ ਸੁਰੱਖਿਆ, 5 ਲੱਖ ਰੁਪਏ ਤੱਕ ਦਾ ਦੁਰਘਟਨਾ 'ਚ ਮੌਤ ਜਾਂ ਅਪੰਗਤਾ ਕਾਰਨ ਬੀਮਾ ਸੁਰੱਖਿਆ ਅਤੇ 5 ਲੱਖ ਰੁਪਏ ਤੱਕ ਦੇ ਅੱਗ ਕਾਰਨ ਹੋਏ ਨੁਕਸਾਨ ਲਈ ਬੀਮਾ ਸੁਰੱਖਿਆ ਦੇ ਲਾਭ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਿਲਣ ਵਾਲੇ ਲਾਭਾਂ ਦੀ ਵੈਧਤਾ ਜੋ 31 ਅਕਤੂਬਰ 2017 ਤੱਕ ਸੀ, ਹੁਣ 31 ਮਾਰਚ 2018 ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਨਵੇਂ ਕਾਰਡ ਨਹੀਂ ਬਣਨਗੇ, ਜਿਨ੍ਹਾਂ ਦੇ ਕਾਰਡ ਬਣੇ ਹੋਏ ਹਨ, ਉਨ੍ਹਾਂ ਨੂੰ ਹੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। 
ਉਨ੍ਹਾਂ ਦੱਸਿਆ ਕਿ ਇਸ ਕਾਰਡ ਨਾਲ ਲਾਭਪਾਤਰੀ ਸਰਕਾਰ ਵੱਲੋਂ ਅਧਿਸੂਚਿਤ ਹਸਪਤਾਲਾਂ ਤੋਂ ਸਾਲਾਨਾ 50 ਹਜ਼ਾਰ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਕਰਵਾ ਸਕੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਯੋਜਨਾ ਦੀ ਪਾਲਿਸੀ 'ਚ ਕੀਤੇ ਵਾਧੇ ਬਾਰੇ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।