ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ''ਚ ਸਿਟ ਦਾ ਇਕ ਹੋਰ ਖੁਲਾਸਾ

03/25/2019 6:35:28 PM

ਫਰੀਦਕੋਟ : ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਨੇ ਇਸ ਬਾਬਤ ਨਵੇਂ ਸਬੂਤ ਪੇਸ਼ ਕੀਤੇ ਗਏ ਹਨ। ਸਿਟ ਨੇ ਸਬੂਤ ਪੇਸ਼ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਪੁਲਸ ਨੇ ਜਾਣ ਬੁੱਝ ਕੇ ਮੌਕੇ 'ਤੇ ਹਾਲਾਤ ਵਿਗਾੜੇ ਸਨ ਅਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਪਸ਼ਬਦ ਵੀ ਕਹੇ ਅਤੇ ਇੱਕ ਮੁਜ਼ਾਹਰਾਕਾਰੀ ਦੇ ਥੱਪੜ ਵੀ ਮਾਰਿਆ ਸੀ। 
ਦੂਜੇ ਪਾਸੇ ਇਸ ਮਾਮਲੇ 'ਚ ਮੁਲਜ਼ਮਾਂ ਵਜੋਂ ਨਾਮਜ਼ਦ ਕੀਤੇ ਗਏ ਆਈ. ਜੀ. ਤੇ ਐੱਸ. ਐੱਸ. ਪੀ. ਕੋਟਕਪੂਰਾ ਤੇ ਬਹਿਬਲ ਕਲਾਂ 'ਚ ਮੁਜ਼ਾਹਰਾਕਾਰੀਆਂ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਨੂੰ ਝੂਠਾ ਦੱਸ ਚੁੱਕੇ ਹਨ। ਸਿਟ ਨੇ ਆਪਣੀ ਰਿਪੋਰਟ 'ਚ ਦੋਸ਼ ਲਗਾਇਆ ਕਿ ਪੁਲਸ ਨੇ ਡਿਊਟੀ ਮੈਜਿਸਟਰੇਟ ਜੋ ਕਿ ਮੌਕੇ 'ਤੇ ਹਾਜ਼ਰ ਸੀ, ਦੀ ਮਨਜ਼ੂਰੀ ਲਏ ਬਿਨਾਂ ਹੀ ਮੁਜ਼ਾਹਰਾਕਾਰੀਆਂ 'ਤੇ ਪਹਿਲਾਂ ਲਾਠੀਚਾਰਜ ਕੀਤਾ ਤੇ ਬਾਅਦ ਵਿਚ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਪੁਲਸ ਨੂੰ ਮੁਜ਼ਾਹਰਾਕਾਰੀਆਂ ਤੋਂ ਖਤਰਾ ਸੀ ਕਿਉਂਕਿ ਕਿਸੇ ਵੀ ਮੁਜ਼ਾਹਰਾਕਾਰੀ ਕੋਲ ਕੋਈ ਹਥਿਆਰ ਨਹੀਂ ਸੀ। ਸਿਟ ਨੇ ਕਿਹਾ ਕਿ ਪੁਲਸ ਨੇ ਚਰਨਜੀਤ ਸ਼ਰਮਾ ਦੀ ਜਿਪਸੀ 'ਤੇ 12 ਬੋਰ ਦੀ ਬੰਦੂਕ ਨਾਲ ਖੁਦ ਗੋਲੀਆਂ ਚਲਾ ਕੇ ਝੂਠੇ ਸਬੂਤ ਤਿਆਰ ਕੀਤੇ ਹਨ।
ਸਿਟ ਨੇ ਕਿਹਾ ਕਿ ਪੁਲਸ ਨੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ 'ਚ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਏ. ਐੱਸ. ਆਈ. ਸੁਰਿੰਦਰ ਕੁਮਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਆਤਮ ਰੱਖਿਆ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ। ਜਦਕਿ ਸੁਰਿੰਦਰ ਕੁਮਾਰ ਵੱਲੋਂ ਸਿਟ ਕੋਲ ਬਿਆਨ ਦਿੱਤੇ ਗਏ ਹਨ ਕਿ ਪੁਲਸ ਨੇ ਉਸ ਦੀ ਕੁੱਟਮਾਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਮੁਜ਼ਾਹਰਾਕਾਰੀਆਂ 'ਤੇ ਗੋਲੀ ਚਲਾ ਦਿੱਤੀ ਸੀ ਤੇ ਪੁਲਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹੀ ਲੋਕਾਂ ਨੇ ਪੁਲਸ ਦੀਆਂ ਗੱਡੀਆਂ ਸਾੜੀਆਂ ਸਨ।

Gurminder Singh

This news is Content Editor Gurminder Singh