ਮਾਰਚ ਨਿਕਲਣ ਤੋਂ ਬਾਅਦ ਵੀ ਭਿਖਾਰੀਆਂ ਤੋਂ ਮੁਕਤ ਨਹੀਂ ਹੋਇਆ ਜਲੰਧਰ

06/07/2018 11:18:27 AM

ਜਲੰਧਰ (ਵਰੁਣ ਸ਼ਰਮਾ)— ਜਲੰਧਰ ਸਿਟੀ 'ਚ ਭਿਖਾਰੀਆਂ ਨੂੰ ਹਟਾਉਣ ਲਈ ਬਣਾਈ ਗਈ ਐਂਟੀ ਬੈਗਰਜ਼ ਟਾਸਕ ਫੋਰਸ 2-3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਭਿਖਾਰੀਆਂ ਨੂੰ ਨਹੀਂ ਹਟਾ ਸਕੀ ਹੈ। ਅਜੇ ਵੀ ਬੱਚੇ, ਔਰਤਾਂ ਅਤੇ ਬਜ਼ੁਰਗ ਚੌਰਾਹਿਆਂ 'ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਐਂਟੀ ਬੈਗਰਜ਼ ਟਾਸਕ ਫੋਰਸ ਨੂੰ ਕੁਝ ਸਮਾਂ ਭਿਖਾਰੀਆਂ ਨੂੰ ਵਾਰਨਿੰਗ ਦੇਣ ਲਈ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬੋਰਡ ਲਾ ਕੇ ਭਿਖਾਰੀਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ। ਇੰਨਾ ਸਭ ਹੋਣ ਦੇ ਬਾਵਜੂਦ ਅਜੇ ਤੱਕ ਇਕ ਵੀ ਕੇਸ ਦਰਜ ਨਹੀਂ ਹੋ ਸਕਿਆ। ਐਂਟੀ ਬੈਗਰਜ਼ ਟਾਸਕ ਫੋਰਸ ਦੇ ਨਾਲ ਜ਼ਿਲਾ ਚਾਈਲਡ ਅਧਿਕਾਰੀ (ਡੀ. ਸੀ. ਓ.) ਦੀ ਟੀਮ ਨੇ ਸ਼ਹਿਰ 'ਚ ਭਿਖਾਰੀਆਂ ਨੂੰ ਵਾਰਨਿੰਗ ਦਾ ਕੰਮ ਸ਼ੁਰੂ ਕੀਤਾ ਸੀ। ਇਕ ਹਫਤੇ ਦੇ ਅੰਦਰ ਹੀ ਸ਼ਹਿਰ 'ਚੋਂ ਭਿਖਾਰੀ ਗਾਇਬ ਹੋਣ ਲੱਗੇ ਸਨ। ਸਭ ਤੋਂ ਪਹਿਲਾਂ ਟਾਸਕ ਫੋਰਸ ਨੇ ਔਰਤਾਂ ਤੇ ਬੱਚਿਆਂ 'ਤੇ ਫੋਕਸ ਕੀਤਾ। 
ਜ਼ਿਆਦਾਤਰ ਬੱਚੀਆਂ ਭੀਖ ਮੰਗਦੀਆਂ ਮਿਲੀਆਂ  ਜਿਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਕੇ ਉਨ੍ਹਾਂ ਨੂੰ ਮਾਤਾ-ਪਿਤਾ ਦੇ ਹਵਾਲੇ ਕੀਤਾ ਗਿਆ ਸੀ ਪਰ ਵਾਰਨਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਕਾਨੂੰਨੀ ਕਾਰਵਾਈ ਦਾ ਸਮਾਂ ਆਇਆ ਤਾਂ ਪ੍ਰਸ਼ਾਸਨ ਦੀ ਇਹ ਟੀਮ ਢਿੱਲੀ ਪੈ ਗਈ। ਸਾਰੇ ਕਾਨੂੰਨੀ ਅਧਿਕਾਰ ਹੁੰਦੇ ਹੋਏ ਵੀ ਭੀਖ ਮੰਗਣ ਵਾਲਿਆਂ 'ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਇਸ ਟਾਸਕ ਫੋਰਸ ਤੋਂ ਬਾਅਦ ਅਧਿਕਾਰੀਆਂ ਨੇ ਦਾਅਵੇ ਤਾਂ ਵੱਡੇ-ਵੱਡੇ ਕੀਤੇ ਪਰ ਅਜੇ ਵੀ ਸ਼ਹਿਰ ਭਿਖਾਰੀਆਂ ਤੋਂ ਮੁਕਤ ਨਹੀਂ ਹੋਇਆ।


ਛੋਟਾ-ਮੋਟਾ ਸਾਮਾਨ ਵੇਚਣ ਦੀ ਆੜ 'ਚ ਵੀ ਮੰਗ ਰਹੇ ਭੀਖ
ਪੁਲਸ ਨੂੰ ਧੋਖਾ ਦੇਣ ਲਈ ਮੰਗਣ ਵਾਲਿਆਂ ਨੇ ਵੀ ਨਵਾਂ ਤਰੀਕਾ ਲੱਭ ਲਿਆ ਹੈ। ਵੱਖ-ਵੱਖ ਚੌਕਾਂ 'ਤੇ ਖੜ੍ਹੇ ਭੀਖ ਮੰਗਣ ਵਾਲੇ ਬੱਚੇ, ਔਰਤਾਂ, ਮਰਦ ਤੇ ਬਜ਼ੁਰਗ ਹੱਥ 'ਚ ਕੁਝ ਨਾ ਕੁਝ ਵੇਚਣ ਦਾ ਛੋਟਾ-ਮੋਟਾ ਸਾਮਾਨ ਰੱਖਦੇ ਹਨ।
ਜੇਕਰ ਰੈੱਡ ਲਾਈਟ ਦੌਰਾਨ ਕਾਰਾਂ ਜਾਂ ਹੋਰ ਵਾਹਨਾਂ 'ਤੇ ਬੈਠੇ ਲੋਕ ਸਾਮਾਨ ਖਰੀਦਣ ਤੋਂ ਮਨ੍ਹਾਂ ਕਰਦੇ ਹਨ ਤਾਂ ਉਹ ਸਾਮਾਨ ਨੂੰ ਸਾਈਡ 'ਤੇ ਕਰਕੇ ਪੈਸੇ ਮੰਗਣ ਲੱਗ ਪੈਂਦੇ ਹਨ। ਮੁੱਖ ਚੌਰਾਹਿਆਂ 'ਤੇ ਇਹ ਸਭ ਕੁਝ ਚੱਲ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਅਸੀਂ ਦੋ ਭਿਖਾਰੀ ਫੜੇ ਪਰ ਥਾਣਾ ਪੁਲਸ ਨੇ ਛੱਡ ਦਿੱਤੇ: ਇੰਚਾਰਜ
ਇਸ ਬਾਰੇ ਜਦੋਂ ਐਂਟੀ ਬੈਗਰਜ਼ ਟਾਸਕ ਫੋਰਸ ਦੀ ਇੰਚਾਰਜ ਲਖਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮਾਂ 31 ਮਾਰਚ ਤਕ ਦਾ ਸੀ ਪਰ ਕੋਈ ਨਾ ਕੋਈ ਕੰਮ ਆ ਜਾਣ ਕਾਰਨ ਦੇਰ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਐਂਟੀ ਬੈਗਰਜ਼ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ ਤੋਂ 2 ਭਿਖਾਰੀਆਂ ਨੂੰ ਵਾਰਨਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਫੜਿਆ ਸੀ ਪਰ ਉਨ੍ਹਾਂ 'ਚੋਂ ਇਕ ਅਪਾਹਿਜ ਅਤੇ ਦੂਜੀ ਭਿਖਾਰਨ ਔਰਤ ਗਰਭਵਤੀ ਹੋਣ ਕਾਰਨ ਛੱਡਣੀ ਪਈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਕੁਝ ਬੱਚਿਆਂ ਨੂੰ ਪਾਰਕ ਵਿਚ ਭੀਖ ਮੰਗਦੇ ਫੜਿਆ ਹੈ। ਉਨ੍ਹਾਂ ਬੱਚਿਆਂ ਦੇ ਦੱਸਣ 'ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬੱਚਿਆਂ ਕੋਲੋਂ ਭੀਖ ਨਾ ਮੰਗਵਾਉਣ ਦਾ ਸਮਝਾ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਸਬ ਇੰਸਪੈਕਟਰ ਲਖਵਿੰਦਰ ਕੌਰ ਨੇ ਮੰਨਿਆ ਕਿ 31 ਮਾਰਚ ਦਾ ਸਮਾਂ ਦਿੱਤਾ ਗਿਆ ਸੀ ਪਰ ਅਜੇ ਵੀ ਕੰਮ ਚੱਲ ਰਿਹਾ ਹੈ।