ਵਿਧਵਾ ਅੌਰਤ ਨੇ ਪੁਲਸ ’ਤੇ ਨਾਜਾਇਜ਼ ਕੁੱਟ-ਮਾਰ ਤੇ ਕੱਪਡ਼ੇ ਪਾਡ਼ਨ ਦੇ ਲਾਏ ਦੋਸ਼

07/13/2018 3:00:04 AM

ਲੋਪੋਕੇ,   (ਸਤਨਾਮ)-  ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਡੱਗਤੂਤ ਦੀ ਵਿਧਵਾ ਨੇ ਪੁਲਸ ਮੁਲਾਜ਼ਮਾਂ ’ਤੇ ਘਰ ਦੀ ਕੰਧ ਟੱਪ ਕੇ ਕੁੱਟ-ਮਾੇ ਕੱਪਡ਼ੇ ਪਾਡ਼ਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਵਿਧਵਾ ਹਰਭਜਨ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਅਸੀਂ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਸੀ ਕਿ ਪਿੰਡ ਡੱਗਤੂਤ ਵਾਸੀ ਰਾਜ ਕੁਮਾਰ, ਦਰਸ਼ਨ ਕੁਮਾਰ, ਮੰਨਾ ਤੇ ਧੰਨਾ ਨਾਲ ਹੋਰ ਵਿਅਕਤੀਅਾਂ ਨੇ ਵੱਟਾਂ ਵਾਹ ਕੇ ਸਾਡੀ ਜ਼ਮੀਨ ਨੂੰ ਆਪਣੀ ਜ਼ਮੀਨ ’ਚ ਰਲਾ ਲਿਆ ਪਰ ਪੁਲਸ ਨੇ ਸਿਆਸੀ ਦਬਾਅ ’ਚ ਆ ਕੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਸਾਨੂੰ ਧੱਕੇਸ਼ਾਹੀ ਨਾਲ ਰਾਜ਼ੀਨਾਮਾ ਕਰਵਾਉਣ ਲਈ ਥਾਣਾ ਭਿੰਡੀ ਸੈਦਾਂ ਸੱਦਿਆ, ਜਦੋਂ ਅਸੀਂ ਕਿਸੇ ਕਾਰਨ ਥਾਣੇ ਨਹੀਂ ਪੁੱਜ ਸਕੇ ਤਾਂ ਅੱਜ ਸਵੇਰੇ 6 ਵਜੇ ਦੇ ਕਰੀਬ ਜਦੋਂ ਅਸੀਂ ਸੁੱਤੇ ਪਏ ਸੀ ਤਾਂ ਥਾਣਾ ਭਿੰਡੀ ਸੈਦਾਂ ਤੋਂ ਆਏ 4 ਪੁਲਸ ਮੁਲਾਜ਼ਮਾਂ ਨੇ ਸਾਡੇ ਘਰ ਦੀਅਾਂ ਕੰਧਾਂ ਟੱਪ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮੈਂ ਤੇ ਮੇਰੀ ਨੂੰਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਸਾਡੀ ਵੀ ਡੰਡਿਅਾਂ ਨਾਲ ਕੁੱਟ-ਮਾਰ ਕੀਤੀ, ਜਿਸ ਵਿਚ ਮੇਰੇ ਤੇ ਮੇਰੀ ਨੂੰਹ ਸੰਦੀਪ ਕੌਰ ਦੇ ਕੱਪਡ਼ੇ ਪਾਡ਼ ਦਿੱਤੇ ਤੇ ਸਾਡੀ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ, ਜਿਸ ਨਾਲ ਮੈਨੂੰ ਤੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਤੇ ਨੂੰਹ ਦੇ ਅੰਦਰੂਨੀ ਸੱਟਾਂ ਲੱਗੀਅਾਂ ਤੇ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜ਼ੇਰੇ ਇਲਾਜ ਹਾਂ। ਉਨ੍ਹਾਂ ਉੱਚ ਅਧਿਕਾਰੀਅਾਂ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਵਿਰੋਧੀ ਧਿਰ ਦੇ ਦਰਸ਼ਨ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਕਤ ਜ਼ਮੀਨ ਦੀਅਾਂ ਅਸੀਂ ਕੋਈ ਵੱਟਾਂ ਨਹੀਂ ਵਾਹੀਅਾਂ, ਅਸੀਂ ਤਾਂ ਆਪਣੀ ਜ਼ਮੀਨ ’ਚ ਫਸਲ ਬੀਜੀ, ਉਲਟਾ ਇਨ੍ਹਾਂ ਸਾਡੀ ਜ਼ਮੀਨ ਦੀਅਾਂ ਵੱਟਾਂ ਵਾਹ ਕੇ ਸਾਡੀ ਜ਼ਮੀਨ ਨੂੰ ਆਪਣੀ ਜ਼ਮੀਨ ’ਚ ਰਲਾ ਲਿਆ ਅਤੇ ਸਾਡੀ ਫਸਲ ਨੂੰ ਖਰਾਬ ਵੀ ਕਰਦੇ ਹਨ। ਇਸ ਸਬੰਧੀ ਅਸੀਂ ਨਿਸ਼ਾਨਦੇਹੀ ਵੀ ਕਰਵਾ ਚੁੱਕੇ ਹਾਂ, ਜੇਕਰ ਕੋਈ ਇਤਰਾਜ਼ ਹੋਵੇ ਤਾਂ ਪਟਵਾਰੀ ਨੂੰ ਬੁਲਾ ਕੇ ਨਿਸ਼ਾਹਦੇਹੀ ਕਰਵਾ ਸਕਦੇ ਹੋ। ਇਸ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਉਨ੍ਹਾਂ ਨਾ ਕਿਸੇ ਨਾਲ ਕੁੱਟ-ਮਾਰ ਕੀਤੀ ਤੇ ਨਾ ਹੀ ਕਿਸੇ ਅੌਰਤ ਦੇ ਕੱਪਡ਼ੇ ਪਾਡ਼ੇ, ਅਸੀਂ ਤਾਂ ਆਈ ਦਰਖਾਸਤ ਦੀ ਛਾਣਬੀਣ ਕਰਨ ਗਏ ਸੀ, ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ।