ਬੌਣੇ ਬਾਦਸ਼ਾਹ ਅਤੇ ਜਿੰਦਰਿਆਂ ਅੰਦਰ ਬੰਦ ਲੋਕ

04/03/2020 3:15:16 PM

ਸ਼ਿਵਦੀਪ

ਕਿਸੇ ਸੋਸ਼ਲ ਸਾਈਟ ਉਪਰ ਇਕ ਕਵਿਤਾ ਦੇਖੀ। ਮੈਂ ਕਵਿਤਾ ਦੇ ਪੂਰੀ ਤਰਾਂ ਹੱਕ ਵਿਚ ਰਿਹਾ ਹਾਂ ਪਰ ਸਾਨੂੰ ਨਾਲ-ਨਾਲ ਕਲਾਸਿਕ ਕਵਿਤਾਵਾਂ ਜਾਂ ਕਿਸੇ ਵੀ ਤਰਾਂ ਦੇ ਕ੍ਰਿਏਟਵ ਐਕਸਪ੍ਰੈਸ਼ਨ ਦੀ ਰੈਲੇਵੈਂਸੀ ਸਮਝਣ ਦੀ ਲੋੜ ਹੈ। ਸ਼ੀਰਾਜੀ ਦੀ ਕਵਿਤਾ ਦੀ ਇਕ ਉਦਾਹਰਨ ਲੈਂਦੇ ਹਾਂ: 

ਬੌਣੇ ਬਾਦਸ਼ਾਹ ਮਾਸੂਮ ਲੋਕਾਂ ਨੂੰ ਜੰਦਰਿਆਂ ਅੰਦਰ
ਬੰਦ ਕਰਕੇ ਜਦੋਂ ਸੌਂ ਜਾਂਦੇ ਹਨ,
ਅਸੀਂ ਫਕੀਰ ਸਾਰੀ-ਸਾਰੀ ਰਾਤ,
ਚਾਬੀਆਂ ਵੰਡਦੇ ਫਿਰਦੇ ਹਾਂ।

ਸਥਿਤੀ ਤਣਾਓਪੂਰਣ ਹੈ, ਕਵਿਤਾ ਤਾਂ ਹੈ ਹੀ ਕਮਾਲ। ਅਸੀਂ ਅੰਦਰ ਬੰਦ ਹਾਂ, ਜੋ ਲੋਕ ਸਥਿਤੀ ਦੇ ਤਣਾਓ ਨੂੰ ਨਾ ਸਮਝਦੇ ਹੋਏ ਬਾਹਰ ਘੁੰਮ ਪੁਲਸ ਉਨ੍ਹਾਂ ਨਾਲ ਸਖਤੀ (ਹਾਲਾਂਕਿ ਇਸ ਤਰੀਕੇ ਅਤੇ ਅਧੂਰੇ ਸਮਾਧਾਨ ਨਾਲ ਮੈਂ ਸਹਿਮਤ ਨਹੀਂ ਹਾਂ) ਕਰਕੇ ਵਾਪਸ ਅੰਦਰ ਭੇਜ ਰਹੀ ਹੈ। ਉਨ੍ਹਾਂ ਵਿਚੋਂ ਕੋਈ ਬੰਦਾ ਆਏ, ਸੋਸ਼ਲ ਮੀਡੀਆ ਜਾਂ ਸਟੇਜ ਉਪਰ ਖੜ੍ਹ ਕੇ ਇਹ ਕਵਿਤਾ ਪੜਨ ਲੱਗੇ ਤਾਂ ਇਸ ਕਵਿਤਾ ਅਤੇ ਇਸ ਸਥਿਤੀ ਦੋਹਾਂ ਦਾ ਧੁਰਾ ਟੁੱਟ ਜਾਏਗਾ। ਇਹ ਕਵਿਤਾ ਅਤੇ ਇਹ ਸਥਿਤੀ ਲੋਕਾਂ ਨੂੰ ਗੁਮਰਾਹ ਕਰੇਗੀ। ਇਹ ਕਵਿਤਾ ਕਿਸੇ ਹੋਰ ਤਰ੍ਹਾਂ ਦੀ ਲੁੱਟ ਅਤੇ ਸੁਫ਼ਨੇ ਹਨ। ਜੇਕਰ ਇਸ ਨੂੰ ਇਨ੍ਹਾਂ ਦਿਨਾਂ ਨਾਲ ਕੋ-ਰੀਲੇਟ ਕੀਤਾ ਜਾਏਗਾ ਤਾਂ ਦੋਹਾਂ ਧਿਰਾਂ ਦਾ ਨੁਕਸਾਨ ਹੈ। ਹਰੇਕ ਦਵਾਈ ਦਾ ਆਪਣਾ ਕੰਮ ਹੈ ਅਤੇ ਆਪਣੇ ਸਾਈਡ-ਈਫੈਕਟ। ਸਹੀ ਟਾਈਮ ’ਤੇ ਸਹੀ ਗੋਲੀ ਦੀ ਲੋੜ ਹੈ। ਇਸ ਨਾਜ਼ੁਕ ਸਮੇਂ ਦੀ ਡੋਰ ਇਸ ਵਕਤ ਸਾਡੇ ਕੋਲ ਹੈ, ਸਾਨੂੰ ਐਨੇ ਵਿਹਲੇ ਰਹਿਣ ਦੀ ਆਦਤ ਨਹੀਂ। ਇਸ ਆਦਤ ਦਾ ਨਾ ਹੋਣਾ ਚੰਗਾ ਵੀ ਹੈ ਅਤੇ ਬੁਰਾ ਵੀ। ਬੁਰਾ ਇਸ ਲਈ ਕਿ ਮੇਰੇ ਅੰਦਰ ਜੋ ਪਿਆ ਹੈ, ਉਹ ਵਧਦਾ ਜਾਏਗਾ ਅਤੇ ਮੇਰੇ ਅੰਦਰ ਸਭ ਕੁਝ ਚੰਗਾ ਨਹੀਂ ਹੈ। ਫੋਕੇ ਇਸ਼ਤਿਹਾਰ, ਗਲਤ ਉਦਾਹਰਨ, ਭੱਦੀ ਟਿੱਪਣੀ, ਗੁਮਰਾਹ ਸਟੇਟਮੈਂਟ ਅਤੇ ਹੁਲੜਬਾਜ਼ੀ ਇਕ ਸਿੱਧੇ ਸਾਦੇ ਇਨਸਾਨ ਨੂੰ ਗਲਤ ਦਿਸ਼ਾ ਵੱਲ ਮੋੜ ਦੇਵੇਗੀ। ਸਮਾਂ ਬਹੁਤ ਸੰਗੀਨ ਹੈ। ਆਸ ਦੀ ਤਾਰ ਬੜੀ ਬਰੀਕ ਹੈ ਪਰ ਹੈ ਜ਼ਰੂਰ। ਸਮਾਂ ਹੈ ਹਰੇਕ ਸ਼ਬਦ ਦੀ ਰੈਲੇਵੈਂਸੀ ਸਮਝਣ ਦਾ, ਆਪਣੇ ਲਈ ਨਹੀਂ ਆਪਣੀ ਆਉਣ ਵਾਲੀ ਨਸਲ ਲਈ।   

ਬੌਣੇ ਬਾਦਸ਼ਾਹ ਇਹ ਵੀ ਹੁੰਦੇ ਨੇ ਕਿ ਕਿਸੇ ਪੁਰਾਣੇ ਮਸਲੇ ਉਪਰ ਚੱਲ ਰਹੇ ਵਿਦਰੋਹ ਵਾਇਰਸ ਕਰਕੇ ਇਧਰ-ਉਧਰ ਹੋ ਜਾਣ ਤਾਂ ਉਹ ਸੜਕਾਂ, ਮੁਹੱਲੇ, ਪਾਰਕਾਂ ਦੀ ਸਫਾਈ ਕਰਨ ਦੀ ਥਾਂ ਦੀਵਾਰਾਂ ਉਪਰ ਲਿਖੀ ਕਵਿਤਾ ਮਿਟਾਉਣ ਵਿਚ ਰੁਝ ਜਾਂਦੇ ਹਨ। ਲੋਕਾਂ ਲਈ ਫੁੱਲ ਦੀ ਥਾਂ ਡੰਡਾ ਭੇਜਦੇ ਹਨ। ਆਪਣੇ ਗੁਨਾਹ ਕਿਸੇ ਮਜ਼ਬੂਰ ਧਿਰ ਦੇ ਨਾਂ ਲਿਖਦੇ ਹਨ, ਭੁੱਖਮਰੀ ਨੂੰ ਗੁਆਂਢੀ ਮੁਲਕ ਦੀ ਕਾਢ ਦੱਸਦੇ ਹਨ। ਵਾਇਰਸ ਨੂੰ ਚਾਇਨਾ ਦੀ ਖੋਜ ਕਹਿ ਕੇ ਤਸੱਲੀ ਦਿੰਦੇ ਹਨ। ਕਈ ਥਾਵਾਂ ’ਤੇ ਸੱਤਾ ਨੇ ਵਾਇਰਸ ਦਾ ਤਾਂ ਸ਼ਾਇਦ ਨਾ ਸਹੀ ਪਰ ਇਸ ਤੋਂ ਬਣੇ ਹਾਲਾਤਾਂ ਦਾ ਫਾਇਦਾ ਚੁੱਕਣ ਦੀ ਬਹੁਤ ਨਾਜਾਇਜ਼ ਕੋਸ਼ਿਸ਼ ਕੀਤੀ ਹੈ। ਪੱਧਰੇ ਦਿਨ ਇਸਦਾ ਇਤਿਹਾਸ ਵੀ ਲਿਖ਼ਣਗੇ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਇਹ ਫਾਇਦਾ ਕੋਈ ਕਿਵੇਂ ਚੁੱਕ ਰਿਹਾ ਹੈ? ਉਹ ਆਪ ਤਾਂ ਬਾਹਰ ਨਹੀਂ ਨਿਕਲ ਰਹੇ ਹਨ। ਰਾਜੇ ਦੇ ਸਾਹਮਣੇ ਪਿਆਦਿਆਂ ਦੀ ਕਤਾਰ ਹੁੰਦੀ ਹੈ, ਜੋ ਦੂਜੀ ਧਿਰ ਦੇ ਪਿਆਦਿਆਂ ਮੂਹਰੇ ਖੜ੍ਹੀ ਹੁੰਦੀ ਹੈ। ਇਸ ਸ਼ਾਤਰ ਸਮੇਂ ਵਿਚ ਪਿਆਦਿਆਂ ਨੂੰ ਮੂਹਰੇ ਕਰਕੇ ਆਪਣੇ-ਆਪਣੇ ਉੱਲੂ ਸਿਧੇ ਕੀਤੇ ਜਾ ਰਹੇ ਹਨ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਗਲਤ ਸਮੇਂ ਉਪਰ ਹੋਈ ਇਸ ਪੋਸਟ ਨੂੰ ਮੈਂ ਬੌਣੇ ਬਾਦਸ਼ਾਹਾਂ ਦਾ ਨਾਮ ਦਿੰਦਾ ਹਾਂ। ਇਸ ਚਿਤਾਵਨੀ ਨਾਲ ਕਿ ਫਕੀਰ ਆਉਣਗੇ ਅਤੇ ਚਾਬੀਆਂ ਫਿਰ ਤੋਂ ਵੰਡੀਆਂ ਜਾਣਗੀਆਂ।    
 
ਸਾਨੂੰ ਇਸ ਤਰਾਂ ਦੀ ਇਸ਼ਤਿਹਾਰਬਾਜ਼ੀ ਤੋਂ ਬਚਣ ਦੀ ਲੋੜ ਹੈ। ਅਸੀਂ ਉਸ ਇਕ ਲੰਮੀ ਜੁਗਤ ਦੇ ਬਾਸ਼ਿੰਦੇ ਹਾਂ, ਜਿਥੇ ਸਾਨੂੰ ਸਾਬਣ ਤੋਂ ਲੈ ਕੇ ਮੌਤ ਇਸ਼ਿਤਿਹਾਰ ਵਿਚ ਲਪੇਟ ਕੇ ਦਿੱਤੀ ਜਾਂਦੀ ਹੈ। ਉਪਰ ਕਵਿਤਾ ਦੀ ਉਦਾਹਰਨ ਮੈਂ ਤਾਂ ਦਿੱਤੀ ਹੈ ਕਿ ਮੈਂ ਕਵਿਤਾ ਦਾ ਬੰਦਾ ਹਾਂ, ਜੇਕਰ ਮੈਂ ਗਾਲ ਵੀ ਕੱਢਣੀ ਹੈ ਤਾਂ ਕਵਿਤਾ ਵਿਚ ਕੱਢਾਗਾ। ਇਸ ਸਮੇਂ ਘਰਾਂ ਅੰਦਰ ਰਹਿਣਾ ਹੀ ਭਲਾ ਹੈ। ਇਹ ਗੱਲ ਜੇਕਰ ਸਰਕਾਰ ਨਾ ਦੱਸਦੀ ਤਾਂ ਵੀ ਸਮਝ ਆ ਜਾਣੀ ਚਾਹੀਦੀ ਹੈ। ਸਾਡਾ ਰਾਜਾ ਇਕੋ ਗੱਲ ਘੁਮਾ-ਘੁਮਾ ਕੇ 30 ਮਿੰਟ ਵਿਚ ਕਹਿੰਦਾ ਹੈ, ਜੋ 5 ਮਿੰਟ ਵਿਚ ਲੋਕਾਂ ਨੂੰ ਸਮਝ ਆ ਚੁੱਕੀ ਸੀ। ਕਿਸੇ ਕੋਲ ਕਹਿਣ ਦੇ ਲਈ ਕੁਝ ਨਹੀਂ। ਹੁਣ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣਾ ਖ਼ਿਆਲ ਕਿਵੇਂ ਰੱਖਣਾ ਹੈ ਤਾਂ ਜੋ ਆਪਣੇ ਨਾਲ ਜੁੜੇ ਲੋਕਾਂ ਦਾ ਖ਼ਿਆਲ ਰੱਖਣ ਦੇ ਕਾਬਲ ਰਹੀਏ। ਬਾਹਰ ਹੁਲੜਬਾਜ਼ੀ ਕਰਦੇ ਲੋਕ ਅਤੇ ਡੰਡਾ ਫੇਰਦੀ ਪੁਲਸ ਮੈਨੂੰ ਦੋਵੇਂ ਬੁਰੇ ਲਗਦੇ ਹਨ ਪਰ ਬਹੁਤਾ ਡੰਡਾ ਲੋੜਵੰਦਾਂ ਦੇ ਫਿਰ ਰਿਹਾ ਹੈ। ਸਾਡੀ ਤੁਹਾਡੀ ਗਲਤੀ ਨਾਲ। ਇਹ ਤਰੀਕਾ ਠੀਕ ਨਹੀਂ। ਘਰ ਵਿਚ ਰਹਿਣ ਦੇ ਲਈ ਮੈਂ ਪੂਰੀ ਤਰਾਂ ਸਹਿਮਤ ਹਾਂ। ਸਰਕਾਰ ਦੇ ਹੁਕਮ ਤੋਂ ਪਹਿਲਾਂ ਆਇਸੋਲੇਟ ਹੋ ਗਿਆ ਸਾਂ।

ਸਰਕਾਰ ਇਸ ਪੁਲਸ ਰਾਹੀਂ ਕੀ ਦੱਸਣਾ ਚਾਹੁੰਦੀ ਹੈ? ਕੀ ਸਰਕਾਰ ਇਸ ਵਾਇਰਸ ਨੂੰ ਆਪਣੇ ਮਤਲਬ ਲਈ ਵੀ ਵਰਤੇਗੀ? ਹਾਂ ਵਰਤੇਗੀ, ਵਰਤ ਰਹੀ ਹੈ। ਦੂਸਰੇ ਪਾਸੇ ਇਹ ਨਵੀਂ ਭਰਤੀ, ਜਿਨਾਂ ਨੂੰ ਤਾਕਤ ਦਾ ਨਵਾਂ-ਨਵਾਂ ਨਸ਼ਾ ਚੜ੍ਹਿਆ ਹੈ, ਇਹ ਸਾਡੀ ਹੀ ਉਪਜ ਹੈ ਪਰ ਫਿਰ ਇਹ ਵੀ ਨਤੀਜੇ ਲਈ ਤਿਆਰ ਰਹਿਣ। ਵਾਇਰਸ ਦੇ ਫਿਲਹਾਲ ਦੋ ਰੂਪ ਹੋਰ ਵੀ ਹਨ। ਪਹਿਲਾ ਗਰੀਬ ਲੋਕਾਂ ਲਈ ਇਸ ਵਾਇਰਸ ਦਾ ਨਾਮ ਭੁੱਖਮਰੀ ਹੈ। ਦੂਜਾ ਸਰਕਾਰ ਲਈ ਇਹ ਵਾਇਰਸ ਹੈ ਪਰਦਾ। ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਵਾਇਰਸ ਦੇ ਹੋਰ ਸਮਾਨਅਰਥੀ ਸ਼ਬਦ ਨਾ ਨਿਕਲਣ। ਚਾਰ ਤਰ੍ਹਾਂ ਦੇ ਲੋਕ ਮਰ ਰਹੇ ਹਨ - ਪਹਿਲਾ ਵਾਇਰਸ ਨਾਲ, ਦੂਜਾ ਅਣਗਹਿਲੀ ਨਾਲ, ਤੀਸਰਾ ਮਿਥੇ ਗਏ ਧੱਕੇ ਅਤੇ ਉਡੀਕ ਨਾਲ, ਚੌਥਾ ਜੋ ਰੁਟੀਨ ’ਚ ਮਰਦੇ ਸਨ। 

ਅੱਜ ਇਕ ਸਪੈਨਿਸ਼ ਮੂਵੀ ‘ਦਿ ਪਲੇਟਫਾਰਮ’ ਦੇਖ ਰਿਹਾ ਸੀ। ਉਸਦੇ 2-3 ਡਾਇਲਾਗ ਦਿਮਾਗ ਉਪਰ ਜੰਮ ਗਏ।
1. ਸੁਨੇਹਾ ਕੀ ਹੈ?
2. 3 ਤਰਾਂ ਦੇ ਲੋਕ ਹੁੰਦੇ ਹਨ- ਇਕ ਉਪਰ, ਦੂਜੇ ਥੱਲੇ, ਤੀਸਰੇ ਜੋ ਡਿਗਦੇ ਹਨ।
3. ਬਦਲਾਅ ਆਪਣੇ ਆਪ ਨਹੀਂ ਵਾਪਰਦਾ, ਮੈਡਮ।
ਸਾਨੂੰ ਯਾਦ ਰੱਖਣਾ ਪਵੇਗਾ ਕਿ ਇਹ ਵਾਇਰਸ ਸਿਰਫ ਚਿਹਰਾ ਹੀ ਨੰਗਾ ਨਹੀਂ ਕਰੇਗਾ।  
 
ਇਕ ਬੰਗਾਲੀ ਲੋਕ ਕਥਾ ਵਿਚ ਬ੍ਰਹਮਰਾਖ਼ਸ਼ ਨਾਂ ਦਾ ਰਾਖ਼ਸ਼ਸ਼ ਇਕ ਆਦਮੀ ਦੀ ਚਲਾਕੀ ਅਤੇ ਉਸਦੇ ਦੁਆਰਾ ਸਿਰਜੇ ਗਏ ਡਰ ਨਾਲ ਲਗਾਤਾਰ ਉਸਦੇ ਲਈ ਕੰਮ ਕਰਦਾ ਹੈ। ਇਹ ਭੁੱਲ ਕੇ ਕਿ ਉਹ ਇਸ ਆਦਮੀ ਤੋਂ ਕਿਤੇ ਵੱਧ ਤਾਕਤਵਰ ਹੈ। ਸਰਕਾਰ, ਨੀਤੀਆਂ, ਸਫਲ-ਅਸਫਲ, ਵਾਧੇ ਘਾਟੇ, ਨਾਅਰੇ ਆਦਿ ਹੋ ਗਏ ਪਰ ਕੀ ਇਸ ਆਈਸੋਲੇਸ਼ਨ ਵਿਚ ਅਸੀਂ ਆਪਣੇ ਅੰਦਰਲਾ ਬ੍ਰਹਮਰਾਖ਼ਸ਼ ਮਾਰ ਪਾਏ ਹਾਂ, ਨਹੀਂ। ਕਿਸਨੇਂ ਇਸ ਵਾਇਰਸ ਨੂੰ ਬਾਹਰੋਂ ਆਏ ਬਜ਼ੁਰਗ ਦੇ ਮੱਥੇ ਉਪਰ ਕਲੰਕ ਬਣਾਇਆ ਹੈ ਕਿ ਉਸ ਨਾਲ ਹਮਦਰਦੀ ਹੋਣ ਦੀ ਥਾਂ ਨਫ਼ਰਤ ਹੋਣ ਲੱਗ ਪਈ। ਦਿੱਲੀ ਦੀ ਘਟਨਾ ਇਕ ਬਹੁਤ ਵੱਡੇ ਪੱਧਰ ਦੀ ਗਲਤੀ ਅਤੇ ਅਣਗਹਿਲੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪਰ ਕਿਵੇਂ ਇਕ ਫਿਰਕੇ ਪ੍ਰਤੀ, ਜੋ ਸਾਡੇ ਅੰਦਰ ਅੱਗ ਹੈ, ਬਾਹਰ ਨਿਕਲ ਆਈ। ਵਾਇਰਸ ਦਾ ਕਿਸੇ ਵੀ ਫਿਰਕੇ, ਧਰਮ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਾਡੇ ਅੰਦਰ, ਜੋ ਇਕ ਚੌਖਟਾ ਹੈ, ਉਹ ਹਰੇਕ ਘਟਨਾ-ਦੁਰਘਟਨਾ ਲਈ ਇਕ ਆਕਾਰ ਬਣਾ ਕੇ ਉਸਨੂੰ ਮਨਮਰਜ਼ੀ ਦਾ ਇਕ ਟਾਈਟਲ ਦੇ ਦਿੰਦਾ ਹੈ। ਬੰਦਾ ਮਰਨ ਲਈ ਘਰ ਨੂੰ ਦੌੜਦਾ ਹੈ, ਜੋ ਮਜ਼ਦੂਰ ਕਿਸੇ ਹੋਰ ਦੀ ਅਣਗਹਿਲੀ ਨਾਲ ਸੜਕਾਂ ਉਪਰ ਉਤਰੇ ਕਿਤੇ ਨਾ ਕਿਤੇ ਉਸ ਲਈ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਦਾ ਹੈ। ਉਨ੍ਹਾਂ ਉਪਰ ਹੁੰਦੇ ਭੱਦੇ ਕਾਮੈਂਟਸ, ਟਿਪਣੀਆਂ ਸਾਡਾ ਅੰਦਰਲਾ ਸੰਸਾਰ ਹੈ। ਮਜ਼ਦੂਰ ਵਰਗ ਨੇ ਹਮੇਸ਼ਾ ਇਸ ਮੁਲਕ ਦਾ ਭਾਰ ਢੋਹਿਆ ਹੈ। ਅਸੀਂ ਆਪਣੀਆਂ ਕਮੀਆਂ ਨੂੰ ਲੁਕਾਉਣ ਦੇ ਲਈ ਇਸ ਵਾਇਰਸ ਨੂੰ ਵੀ ਇਸ ਵਰਗ ਦੇ ਮੋਢੇ ’ਤੇ ਲੱਦ ਦਿੱਤਾ ਹੈ। ਅਸੀਂ ਕਿੰਨਾ ਚਿਰ ਆਪਣੀਆਂ ਗਲਤੀਆਂ ਦਾ ਭਾਰ ਦੂਸਰੇ ਉਪਰ ਥੋਪਦੇ ਰਹਾਂਗੇ।

ਸਾਡੇ ਵਿਚੋਂ ਕਿੰਨੇ ਲੋਕ ਹਨ, ਜਿਨ੍ਹਾਂ ਨੇ ਲੋੜ ਤੋਂ ਵੱਧ ਰਾਸ਼ਣ, ਦਵਾਈਆਂ ਆਦਿ ਲੋੜੀਂਦੀਆਂ ਚੀਜ਼ਾਂ ਸਟਾਕ ਨਹੀਂ ਕੀਤੀਆਂ। ਕਦੇ ਸੋਚਿਆ ਨਹੀਂ ਸੀ ਕਿ ਖੰਡ ਦੀ ਬੋਰੀ ਉਪਰ ਬੈਠ ਕੇ ਮਜ਼ਬੂਰ ਲੋਕਾਂ ਉਪਰ ਆਪਣੀ ਕੁੜੱਤਣ ਕੱਢਣਾ ਇਸ ਸਮੇਂ ਦਾ ਟਰੈਂਡ ਬਣ ਜਾਏਗਾ। ਪਤਾ ਨਹੀਂ ਅਸੀਂ ਔਖੀ ਘੜੀ ਵਿਚ ਦਿੱਤੇ ਦੋ ਕੇਲਿਆਂ ਦੀ ਫੋਟੋ ਕਿਹੜੀ ਕੰਧ ਉਪਰ ਟੰਗਣੀ ਹੈ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਵਾਇਰਸ ਬਹੁਤ ਕੁਝ ਨੰਗਾ ਕਰਕੇ ਜਾਏਗਾ, ਇਸੇ ਕਰਕੇ ਆਪਣੇ ਆਪ ਨੂੰ ਢੱਕਣ ਜੋਗੀ ਆਸ ਬਚਾ ਕੇ ਰੱਖਣਾ।  ਦਾਤਾ ਧਰਮੀ ਦੇ ਆਸਰੇ ਨਿਕਲ ਪਏ ਹਨ ਲੋਕ, ਰੋਜ਼ ਥੋੜਾ-ਥੋੜਾ ਮਰ ਰਹੇ, ਉਡੀਕ ਰਹੇ ਹਨ। ਵੱਖੀ ਨਾਲ ਬੱਝਿਆ, ਆਟਾ-ਦਾਲ ਅਤੇ ਚਾਵਲ। ਸੈਨੇਟਾਈਜ਼ਰ ਦੇ ਨਾਂ ਉਪਰ ਇਕ ਗੰਦੀ ਸੋਚ ਛਿੜਕਦੀ ਸੱਤਾ। ਇਹ ਮੇਰੇ ਮੁਲਕ ਦੀ ਤਸਵੀਰ ਹੈ, ਜਿਸ ਤੋਂ ਮੈਂ ਵੀ ਮੁਨਕਰ ਹਾਂ,ਕੀ ਕਰੀਏ। ਮੈਨੂੰ ’ਤੇ ਇਸ ਸ਼ਬਦ ਦਾ ਅਰਥ ਵੀ ਸਮਝ ਨਹੀਂ ਆਉਂਦਾ, ‘ਦਾਤਾ ਧਰਮੀ’। ਕਾਰਡ ਕਿਸੇ ਹੋਰ ਪ੍ਰਾਂਤ ਦਾ, ਰਹਿਣ ਬਸੇਰਾ ਕੋਈ ਹੋਰ, ਅਧਾਰ ਕਾਰਡ ਦੇ ਕਿੱਸੇ, ਕਾਗਜ਼ ਦਿਖਾਓ। ਕਦੇ ਨਿਕਲ ਜਾਓ ਤਾਂ ਕੁੱਟ ਖਾਓ, ਕਦੇ ਅੰਦਰ ਰਹੋ ਤਾਂ ਪਰ ਮੈਂ ਇਹ ਉਮੀਦ ਕਰਦਾ ਹਾਂ ਰਾਹ ਜਾਂਦਿਆਂ ਨੂੰ ਦਾਤਾ ਧਰਮੀ ਮਿਲੇ। ਸਭ ਨੂੰ ਇਸ ਸ਼ਬਦ ਦੇ ਅਰਥ ਮਿਲਣ। ਸਭ ਘਰ ਪਹੁੰਚਣ। ‘ਮਰ ਰਹੇ ਗਰੀਬਾਂ ਲਈ, ਚੱਲ ਰਹੇ ਗਰੀਬਾਂ ਲਈ, ਅਨਪੜ ਲੋਕ, ਵਿਚਾਰੇ ਆਦਿ’ ਮੈਨੂੰ ਕੋਈ ਸਟੇਟਮੈਂਟ ਚੰਗੀ ਨਹੀਂ ਲਗ ਰਹੀ। ਸਟੇਟਮੈਂਟ ਨੇ ਅੱਜ ਤੱਕ ਕਿਸੇ ਦਾ ਢਿੱਡ ਨਹੀਂ ਭਰਿਆ।   
 
ਮੈਨੂੰ ਲਗਦਾ ਹੈ ਕਿ ਇਹ ਪਿਛਲੇ ਕਈ ਸਾਲਾਂ ਵਿਚਲਾ ਉਹ ਸਮਾਂ ਹੈ, ਜੋ ਅਸੀਂ ਆਪਣੇ ਪਰਿਵਾਰ ਨਾਲ ਗੁਜ਼ਾਰ ਰਹੇ ਹਾਂ। ਇਹ ਸਮਾਂ ਜਦੋਂ ਸਾਡੇ ਬੱਚੇ ਬਜ਼ੁਰਗ ਇਕ ਦੂਜੇ ਵੱਲ ਦੇਖ ਕੇ ਸਿਖ ਰਹੇ ਹਨ। ਇਹ ਸਮਾਂ ਹੈ ਜਦੋਂ ਸਾਡੀ ਆਉਣ ਵਾਲੀ ਨਸਲ ਸਿਖੇਗੀ ਕਿ ਔਖੇ ਸਮੇਂ ਵਿਚ ਆਸ, ਹਮਦਰਦੀ, ਸੱਚਾਈ ਅਤੇ ਮਨੁੱਖਤਾ ਕਿਵੇਂ ਬਚਾਈ ਰੱਖਣੀ ਹੈ। ਸ਼ੀਸ਼ਾ ਅਸੀਂ ਆਪ ਦੇਖਣਾ ਸੀ, ਉਹ ਅਸੀਂ ਆਪਣੇ ਅੰਦਰਲੇ ਬ੍ਰਹਮਰਾਖ਼ਸ਼ ਨੂੰ ਦਿਖਾ ਰਹੇ ਹਾਂ। ਹਾਲੇ ਸਮਾਂ ਹੈ ਇਸ ਰਾਖ਼ਸ਼ਸ਼ ਨੂੰ ਆਜ਼ਾਦ ਕਰਨ ਦਾ। ਸਾਡੇ ਕੋਲ ਉਹ ਘਟਨਾਵਾਂ, ਬੰਦੇ ਵੀ ਘੱਟ ਨਹੀਂ, ਜਿਨ੍ਹਾਂ ਕਰਕੇ ਜ਼ਿੰਦਗੀ ਵਿਚ ਆਸ ਬੱਝਦੀ ਹੈ। ਗੱਲ ਰਤਾ ਕੁ ਦਿਲ ਖ਼ੋਲ੍ਹਣ ਦੀ ਹੈ। ਅੰਦਰਲੇ ਹਨੇਰੇ ਲਈ ਇਕ ਨਿੱਕੇ ਜਹੇ ਜੁਗਨੂੰ ਦੀ। ਚਲੋ ਠੀਕ ਹੈ, ਵਾਇਰਸ ਦੇ ਦਿਨ ਹਨ, ਹੱਥ ਨਹੀਂ ਲਾਉਣਾ ਪਰ ਆਤਮਾ ਦੇ ਨਾਲ ਆਤਮਾ ਤਾਂ ਛੂਹੀ ਜਾ ਸਕਦੀ ਹੈ। ਮੈਂ ਉਨ੍ਹਾਂ ਸਭ ਲੋਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਜ਼ਿੰਦਗੀ, ਹਮਦਰਦੀ ਅਤੇ ਆਸ ਬਚਾਈ ਰੱਖੀ ਹੈ। ਹਾਲੇ ਵੀ ਸਾਡੇ ਕੋਲ ਬਹੁਤ ਕੁਝ ਚੰਗਾ ਹੈ, ਜੋ ਇਸ ਧਰਤੀ ਲਈ ਬਥੇਰਾ ਹੈ। ਬੌਣੇ ਲੋਕਾਂ ਨੂੰ ਬੌਣੇ ਬਾਦਸ਼ਾਹ ਮੁਬਾਰਕ।   

ਸ਼ਿਵਦੀਪ
77shivdeep@gmail.com
31-03-2020

rajwinder kaur

This news is Content Editor rajwinder kaur