ਬਠਿੰਡਾ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਂ-ਪਿਓ, ਪਤਨੀ ਤੇ ਭਰਾ ਨੂੰ ਵੱਢਿਆ

06/19/2019 5:28:18 PM

ਬਠਿੰਡਾ (ਅਮਿਤ ਸ਼ਰਮਾ,ਮਨਜੀਤ) : ਪਿੰਡ ਰਾਏ ਕੇ ਖੁਰਦ ਵਿਖੇ ਪਤਨੀ ਦੇ ਭਰਾ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਬੀਤੀ ਅੱਧੀ ਰਾਤ ਕਲਯੁੱਗੀ ਪੁੱਤਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜਿਥੇ ਸੁੱਤੀ ਪਈ ਤਿੰਨ ਮਹੀਨੇ ਪਹਿਲਾਂ ਨਵ-ਵਿਆਹੀ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ, ਉਥੇ ਆਪਣੇ ਛੋਟੇ ਭਰਾ ਅਤੇ ਮਾਤਾ-ਪਿਤਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਇਸ ਹਮਲੇ 'ਚ ਪਤਨੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਾਤਾ-ਪਿਤਾ ਅਤੇ ਛੋਟੇ ਭਰਾ ਨੂੰ ਪਿੰਡ ਵਾਸੀਆਂ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਨੂੰ ਲੈ ਕੇ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰ ਸਮੇਂ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੇ ਮੁਖੀ ਰਾਜਪਾਲ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਖ਼ੂਨ ਨਾਲ ਲਥਪਥ ਸਾਮਾਨ ਨੂੰ ਆਪਣੇ ਕਬਜ਼ੇ 'ਚ ਲਿਆ।

ਜਾਣਕਾਰੀ ਅਨੁਸਾਰ ਜਸਕਰਨ ਸਿੰਘ ਆਪਣੇ ਦੋ ਪੁੱਤਰਾਂ ਅਤੇ ਪਤਨੀ ਨਾਲ ਚਾਰ ਸਾਲ ਪਹਿਲਾਂ ਹੀ ਪਿੰਡ ਰਾਏ ਕੇ ਕਲਾਂ ਤੋਂ ਆਪਣੀ ਜ਼ਮੀਨ ਅਤੇ ਘਰ ਵੇਚ ਕੇ ਇਥੇ ਆ ਕੇ ਰਹਿਣ ਲੱਗਿਆ ਸੀ। ਉਸ ਨੇ ਪਿੰਡ ਬੰਬੀਹਾ ਵਿਖੇ 3 ਏਕੜ ਜ਼ਮੀਨ ਖਰੀਦੀ ਸੀ ਜੋ ਕਿ ਉਸ ਨੇ ਠੇਕੇ 'ਤੇ ਦਿੱਤੀ ਹੋਈ ਹੈ। ਜਸਕਰਨ ਸਿੰਘ ਨੇ ਆਪਣੇ ਵੱਡੇ ਲੜਕੇ ਹਰਦੀਪ ਸਿੰਘ ਦਾ ਹਾਲੇ ਦੂਸਰਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਕੀਤਾ ਸੀ। ਘਰ 'ਚ ਹਰਦੀਪ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਰਾਜਵੀਰ ਕੌਰ ਦੇ ਉਸ ਦੇ ਛੋਟੇ ਭਰਾ ਅਰਸ਼ਦੀਪ ਸਿੰਘ ਨਾਲ ਨਾਜਾਇਜ਼ ਸਬੰਧ ਹਨ ਇਸੇ ਰੰਜਿਸ਼ ਤਹਿਤ ਹੀ ਹਰਦੀਪ ਸਿੰਘ ਅੱਧੀ ਰਾਤ ਨੂੰ ਆਪਣੇ ਇਕ ਦਰਜਨ ਦੇ ਕਰੀਬ ਸਾਥੀਆਂ ਨੂੰ ਨਾਲ ਲੈ ਕੇ ਆਇਆ ਜਿਹੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਘਰ ਦਾਖਲ ਹੁੰਦਿਆਂ ਹੀ ਪਹਿਲਾਂ ਸੁੱਤੀ ਪਈ ਨਵ-ਵਿਆਹੀ ਆਪਣੀ ਪਤਨੀ ਰਾਜਵੀਰ ਕੌਰ 'ਤੇ ਵਾਰ ਕੀਤਾ, ਉਸ ਤੋਂ ਬਾਅਦ ਆਪਣੇ ਛੋਟੇ ਭਰਾ ਅਰਸ਼ਦੀਪ ਸਿੰਘ ਦੇ ਸਿਰ 'ਚ ਵਾਰ ਕਰ ਦਿੱਤੇ, ਉਸ ਤੋਂ ਪਿੱਛੋਂ ਆਪਣੇ ਪਿਤਾ ਜਸਕਰਨ ਸਿੰਘ 'ਤੇ ਮਾਤਾ ਚਰਨਜੀਤ ਕੌਰ 'ਤੇ ਵੀ ਵਾਰ ਕਰ ਦਿੱਤਾ। ਚਰਨਜੀਤ ਕੌਰ ਨੇ ਕਮਰੇ ਦੀ ਛੱਤ ਉਪਰ ਚੜ੍ਹ ਕੇ ਰੌਲਾ ਪਾਇਆ, ਤਦ ਜਾ ਕੇ ਉਕਤ ਵਿਅਕਤੀ ਫਰਾਰ ਹੋ ਗਏ। ਰਾਜਵੀਰ ਕੌਰ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਗੰਭੀਰ ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਅਰਸ਼ਦੀਪ ਸਿੰਘ ਦੀ ਗੰਭੀਰ ਹਾਲਤ ਕਾਰਣ ਉਸ ਨੂੰ ਬਠਿੰਡਾ ਦੇ ਨਿਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਕੀ ਕਹਿੰਦੇ ਨੇ ਥਾਣਾ ਮੁਖੀ
ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਰਾਜਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਪੂਰੇ ਪਰਿਵਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਇਹ ਹਰਦੀਪ ਸਿੰਘ ਦਾ ਦੂਸਰਾ ਵਿਆਹ ਸੀ, ਪਹਿਲੀ ਪਤਨੀ ਨਾਲ 6 ਮਹੀਨਿਆਂ ਬਾਅਦ ਹੀ ਤਲਾਕ ਹੋ ਗਿਆ ਸੀ। ਹੁਣ ਦੁਬਾਰਾ ਉਸ ਨੇ ਤਿੰਨ ਮਹੀਨੇ ਪਹਿਲਾਂ ਹੀ ਰਾਜਵੀਰ ਕੌਰ ਨਾਲ ਵਿਆਹ ਕਰਵਾਇਆ ਸੀ। ਉਹ ਪਿਛਲੇ 18 ਦਿਨਾਂ ਤੋਂ ਘਰ ਨਹੀਂ ਆਇਆ ਸੀ, ਬਾਹਰ ਹੀ ਰਹਿੰਦਾ ਸੀ। ਉਸ ਨੂੰ ਸ਼ੱਕ ਸੀ ਕਿ ਰਾਜਵੀਰ ਕੌਰ ਦੇ ਉਸ ਦੇ ਛੋਟੇ ਭਰਾ ਅਰਸ਼ਦੀਪ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਤਹਿਤ ਹੀ ਉਸ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਰਾਜਵੀਰ ਕੌਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਪੁੱਤਰ ਪੂਰਨ ਸਿੰਘ ਦੇ ਬਿਆਨਾਂ 'ਤੇ ਆਪਣੇ ਲੜਕੇ ਹਰਦੀਪ ਸਿੰਘ ਸਮੇਤ ਅੱਧੀ ਦਰਜਨ ਨਾਮੂਲਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਰਾਜਵੀਰ ਕੌਰ ਦੀ ਮਾਂ ਨੇ ਦੋਸ਼ੀਆਂ ਲਈ ਮੰਗੀ ਫਾਂਸੀ
ਮ੍ਰਿਤਕ ਰਾਜਵੀਰ ਕੌਰ ਦੀ ਮਾਂ ਬਲਜਿੰਦਰ ਕੌਰ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਆਪਣੇ ਜਵਾਈ ਹਰਦੀਪ ਸਿੰਘ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਦੋ ਦਿਨ ਪਹਿਲਾਂ ਹੀ ਉਹ ਆਪਣੀ ਲੜਕੀ ਨੂੰ ਮਿਲ ਕੇ ਗਏ ਸਨ।

cherry

This news is Content Editor cherry