ਬੇਰਹਿਮ ਨਾਨੀ ਕੰਸ ਮਾਮਾ, ਤੀਜੀ ਵਾਰ ਹੋਈਆਂ ਧੀਆਂ ਤਾਂ ਨਹਿਰ 'ਚ ਸੁੱਟੀਆਂ

09/26/2019 7:04:19 PM

ਬਠਿੰਡਾ (ਵਿਜੇ, ਵਰਮਾ) : ਬੀਤੀ ਰਾਤ ਇਕ ਨਿੱਜੀ ਹਸਪਤਾਲ 'ਚ ਜੰਮੀਆਂ 2 ਜੁੜਵਾਂ ਬੱਚੀਆਂ ਨੂੰ ਉਨ੍ਹਾਂ ਦੀ ਨਾਨੀ ਤੇ ਮਾਮਾ ਨੇ ਮਿਲ ਕੇ ਸਰਹਿੰਦ ਨਹਿਰ ਬਠਿੰਡਾ 'ਚ ਸੁੱਟ ਦਿੱਤਾ। ਸਵੇਰੇ ਗੱਲ ਦਾ ਖੁਲਾਸਾ ਹੋਣ 'ਤੇ ਹੜਕੰਪ ਮਚ ਗਿਆ। ਪੁਲਸ ਨੇ ਹਸਪਤਾਲ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਤਾਂ ਉਕਤ ਦੋਵੇਂ ਮੁਲਜ਼ਮ ਬੱਚੀਆਂ ਨੂੰ ਲਿਜਾਂਦੇ ਹੋਏ ਦਿਖਾਈ ਦਿੱਤੇ। ਪੁਲਸ ਨੇ ਨਾਨੀ ਮਲਕੀਤ ਕੌਰ ਅਤੇ ਮਾਮਾ ਬਲਜਿੰਦਰ ਸਿੰਘ ਵਾਸੀ ਬਹਿਮਣ ਦੀਵਾਨਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਧਰ ਪੁਲਸ ਗੋਤਾਖੋਰਾਂ ਦੀ ਮਦਦ ਨਾਲ ਸਰਹਿੰਦ ਨਹਿਰ 'ਚੋਂ ਬੱਚੀਆਂ ਦੀਆਂ ਲਾਸ਼ਾਂ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਬੱਚੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਉਕਤ ਔਰਤ ਦੇ ਪਹਿਲਾਂ ਵੀ 2 ਬੱਚੀਆਂ ਹਨ ਤੇ ਇਸ ਕਾਰਣ ਉਸ ਦੇ ਪਰਿਵਾਰ ਨੇ ਉਕਤ ਬੱਚੀਆਂ ਤੋਂ ਛੁਟਕਾਰਾ ਪਾਉਣ ਲਈ ਇਹ ਘਿਨੌਣਾ ਕਦਮ ਚੁੱਕਿਆ।

ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਇਕ ਨਿੱਜੀ ਹਸਪਤਾਲ 'ਚ ਡਲਿਵਰੀ ਲਈ ਭਰਤੀ ਕਰਵਾਇਆ ਸੀ। ਬੀਤੀ ਰਾਤ ਅਮਨਦੀਪ ਕੌਰ ਨੇ 2 ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ। ਉਕਤ ਦੋਵੇਂ ਬੱਚੀਆਂ ਅੰਡਰਵੇਟ ਸੀ ਤੇ ਉਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਸੀ। ਪੁਲਸ ਤੇ ਹਸਪਤਾਲ ਦੇ ਡਾਕਟਰਾਂ ਅਨੁਸਾਰ ਅਮਨਦੀਪ ਕੌਰ ਦੀ ਮਾਂ ਮਲਕੀਤ ਕੌਰ ਤੇ ਮਾਮਾ ਬਲਜਿੰਦਰ ਸਿੰਘ ਬੀਤੀ ਰਾਤ ਕਰੀਬ 8.30 ਵਜੇ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਹ ਉਨ੍ਹਾਂ ਨੂੰ ਆਪਣੀ ਭੈਣ ਦੇ ਘਰ ਲੈ ਕੇ ਜਾ ਰਹੇ ਹਨ।

ਇਸ ਦੌਰਾਨ ਦੋਵਾਂ ਨੇ ਸਰਹਿੰਦ ਨਹਿਰ 'ਤੇ ਜਾ ਕੇ ਦੋਵੇਂ ਬੱਚੀਆਂ ਨੂੰ ਨਹਿਰ 'ਚ ਸੁੱਟ ਦਿੱਤਾ। ਸਵੇਰੇ ਬੱਚੀਆਂ ਗਾਇਬ ਹੋਣ 'ਤੇ ਹਸਪਤਾਲ ਪ੍ਰਬੰਧਨ ਵੱਲੋਂ ਪੁੱਛਗਿੱਛ ਕੀਤੀ ਗਈ ਤੇ ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਬੱਚੀਆਂ ਨੂੰ ਨਾਨੀ ਕੁਲਵੰਤ ਕੌਰ ਤੇ ਮਾਮਾ ਬਲਜਿੰਦਰ ਸਿੰਘ ਹੀ ਲੈ ਕੇ ਗਏ ਹਨ। ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਜੁਰਮ ਮੰਨ ਲਿਆ। ਪੁਲਸ ਨੇ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਬਾਅਦ 'ਚ ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਕਰ ਕੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਹਿਰ 'ਚ ਗੋਤਾਖੋਰਾਂ ਦੀ ਮਦਦ ਨਾਲ ਬੱਚੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਪਰਿਵਾਰ ਵਾਲਿਆਂ ਨੂੰ ਬੱਚੀਆਂ ਨੂੰ ਲਿਜਾਣ ਤੋਂ ਜਬਰਨ ਨਹੀਂ ਰੋਕ ਸਕਦੇ : ਹਸਪਤਾਲ ਪ੍ਰਬੰਧਨ
ਉਧਰ, ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬੱਚੀਆਂ ਗਾਇਬ ਹੋਣ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ, ਜਿਸ ਕਾਰਣ ਹਸਪਤਾਲ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਨੇ ਬਹੁਤ ਜ਼ਿੰਮੇਵਾਰੀ ਨਾਲ ਆਪਣਾ ਕੰਮ ਕੀਤਾ ਸੀ ਪਰ ਬੱਚੀਆਂ ਦੇ ਜਨਮ ਤੋਂ ਬਾਅਦ ਉਹ ਪਰਿਵਾਰ ਵਾਲਿਆਂ ਨੂੰ ਬੱਚੀਆਂ ਨੂੰ ਲਿਜਾਣ ਤੋਂ ਜਬਰਨ ਨਹੀਂ ਰੋਕ ਸਕਦੇ। ਮਾਮਲਾ ਧਿਆਨ 'ਚ ਆਉਣ 'ਤੇ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ।

ਡੀ. ਸੀ. ਪੀ. ਬਠਿੰਡਾ ਅਸ਼ਵੰਤ ਸਿੰਘ ਨੇ ਦੱਸਿਆ ਕਿ ਬੱਚੀਆਂ ਨੂੰ ਨਹਿਰ 'ਚ ਸੁੱਟਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਵਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਬੱਚੀਆਂ ਦੀਆਂ ਲਾਸ਼ਾਂ ਦੀ ਤਲਾਸ਼ ਕਰ ਰਹੀ ਹੈ । ਉਮੀਦ ਹੈ ਕਿ ਜਲਦ ਹੀ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋ ਜਾਣਗੀਆਂ। ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ।

 

cherry

This news is Content Editor cherry