ਪੀਣ ਵਾਲੇ ਪਾਣੀ ਦੇ ਮਾਮਲੇ ''ਚ ਬਠਿੰਡਾ ਨੰਬਰ-1, ਸਾਫ ਪਾਣੀ ਦੀ ਸਪਲਾਈ ਲਈ ਲਗਾਏ 53 ਆਰ. ਓ. ਪਲਾਂਟ

06/20/2017 2:24:07 PM

ਬਠਿੰਡਾ(ਵਰਮਾ)— ਆਮ ਤੌਰ 'ਤੇ ਬੀਮਾਰੀਆਂ ਲਈ ਪਾਣੀ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਬਠਿੰਡਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਸ਼ੁੱਧ ਪਾਣੀ ਦੀ ਪ੍ਰਾਪਤੀ ਜ਼ਰੂਰਤ ਤੋਂ ਕਿਤੇ ਜ਼ਿਆਦਾ ਹੈ ਪਰ ਸਾਬਕਾ ਸਰਕਾਰ ਨੇ ਨਿੱਜੀ ਕੰਪਨੀ ਨੂੰ ਪੂਰੇ ਖੇਤਰ 'ਚ ਪਾਣੀ ਪਹੁੰਚਾਉਣ ਦਾ ਠੇਕਾ ਦਿੱਤਾ ਸੀ ਪਰ ਨਿੱਜੀ ਕੰਪਨੀ ਦੀ ਕਾਰਗੁਜ਼ਾਰੀ ਫੇਲ ਸਾਬਤ ਹੋਈ। ਇਕ ਸਮਾਂ ਸੀ ਜਦ ਬਠਿੰਡਾ ਅਤੇ ਆਸਪਾਸ ਦੇ ਖੇਤਰਾਂ 'ਚ ਕੈਂਸਰ ਲਈ ਹਮੇਸ਼ਾ ਪਾਣੀ 'ਤੇ ਹੀ ਉਂਗਲ ਚੁੱਕੀ ਜਾਂਦੀ ਸੀ ਕਿਉਂਕਿ ਭੂ-ਜਲ 'ਚ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਨਾਲ ਕੈਂਸਰ ਨੇ ਆਪਣੇ ਪੈਰ ਪਸਾਰੇ। ਬਠਿੰਡਾ ਦੇ ਕਈ ਪਿੰਡ ਇਸ ਦੀ ਲਪੇਟ 'ਚ ਆ ਗਏ। ਹੌਲੀ-ਹੌਲੀ ਪੂਰੇ ਮਾਲਵੇ 'ਚ ਕੈਂਸਰ ਨੇ ਆਪਣਾ ਕਬਜ਼ਾ ਕਰ ਲਿਆ। ਕੈਂਸਰ ਦੇ ਵਧਦੇ ਰੋਗ ਕਾਰਨ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਹੋਇਆਂ ਪੂਰੇ ਪੰਜਾਬ 'ਚ ਆਰ. ਓ. ਸਿਸਟਮ ਸਥਾਪਿਤ ਕਰਵਾਇਆ। ਮੰਨਿਆ ਜਾਵੇ ਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਇਕ ਵਾਰ ਤਾਂ ਹੱਲ ਹੋ ਗਈ ਅਤੇ ਲੋਕਾਂ ਨੂੰ 2 ਰੁਪਏ 'ਚ 20 ਲੀਟਰ ਪਾਣੀ ਮਿਲਣ ਲੱਗਾ, ਜਿਸ ਨਾਲ ਆਮ ਲੋਕਾਂ ਦੀਆਂ ਅੱਧੀਆਂ ਤੋਂ ਜ਼ਿਆਦਾ ਬੀਮਾਰੀਆਂ ਖਤਮ ਹੋਈਆਂ। ਆਰ. ਓ. ਪਾਣੀ ਦਾ ਲੋਕਾਂ ਦੀ ਮਾਨਸਿਕਤਾ 'ਤੇ ਅਜਿਹਾ ਅਸਰ ਪਿਆ ਕਿ ਲੋਕ ਇਸ ਪਾਣੀ ਦਾ ਪ੍ਰਯੋਗ ਇੰਝ ਕਰਨ ਲੱਗੇ ਜਿਵੇਂ ਦੁੱਧ ਦਾ ਪ੍ਰਯੋਗ ਕਰਦੇ ਹਨ।
ਪੰਜਾਬ ਦੀ ਸਾਬਕਾ ਸਰਕਾਰ ਨੇ ਕੈਂਸਰ ਜਿਹੀਆਂ ਭਿਆਨਕ ਬੀਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਪਾਣੀ ਦੀ ਸ਼ੁੱਧਤਾ 'ਤੇ ਜ਼ੋਰ ਦਿੱਤਾ, ਵਿਸ਼ੇਸ਼ ਤੌਰ 'ਤੇ ਬਠਿੰਡਾ ਅਜਿਹਾ ਜ਼ਿਲਾ ਬਣਿਆ, ਜਿਸ 'ਚ ਸਭ ਤੋਂ ਪਹਿਲਾਂ ਆਰ. ਓ. ਲਗਾ ਕੇ ਤਜਰਬਾ ਕੀਤਾ, ਸਫਲ ਹੋਣ 'ਤੇ ਪੰਜਾਬ ਵਿਚ ਇਸ ਨੂੰ ਲਾਗੂ ਕੀਤਾ ਗਿਆ। ਬਠਿੰਡਾ ਤੋਂ ਲੰਘਣ ਵਾਲੀ ਸਰਹਿੰਦ ਨਹਿਰ ਤੋਂ ਬਠਿੰਡਾ ਵਾਸੀਆਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ, ਜਿਸ ਲਈ ਨਹਿਰ ਕੋਲ ਹੀ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਗਿਆ, ਜਿਸ ਦੀ ਸਮਰੱਥਾ ਰੋਜ਼ਾਨਾ 100 ਲੱਖ ਗੈਲਨ ਦੀ ਹੈ। ਖਪਤ ਵੱਲ ਦੇਖਿਆ ਜਾਵੇ ਤਾਂ ਸਿਰਫ 85 ਲੱਖ ਗੈਲਨ ਪਾਣੀ ਦੀ ਹੀ ਜ਼ਰੂਰਤ ਹੈ। ਜਦ ਕਦੇ ਨਹਿਰ ਬੰਦ ਹੋ ਜਾਂਦੀ ਹੈ ਤਾਂ ਕੁਝ ਸਮਾਂ ਪਾਣੀ ਦੀ ਦਿੱਕਤ ਆਉਂਦੀ ਸੀ, ਜਿਸ ਲਈ ਜਾਗਰ ਪਾਰਕ ਵਿਚ 4 ਝੀਲਾਂ ਦੀ ਉਸਾਰੀ ਕੀਤੀ, ਉਸ ਵਿਚ ਅਗਲੇ 5 ਸਾਲ ਤੱਕ ਪਾਣੀ ਦਾ ਭੰਡਾਰ ਮੁਹੱਈਆ ਹੈ। 
ਬਠਿੰਡਾ ਸਥਿਤ ਟਰੀਟਮੈਂਟ ਪਲਾਂਟ 'ਚ 0 ਟੀ. ਡੀ. ਐੱਸ. ਮਾਨਕ ਨਾਲ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ ਜਦਕਿ ਨਹਿਰ ਤੋਂ ਪ੍ਰਾਪਤ ਹੋਣ ਵਾਲਾ ਪਾਣੀ 1500 ਤੋਂ ਲੈ ਕੇ 2000 ਟੀ. ਡੀ. ਐੱਸ. ਤੱਕ ਦੂਸ਼ਿਤ ਹੈ। ਪੰਜਾਬ ਸਰਕਾਰ ਨੇ ਇਕ ਨਿੱਜੀ ਕੰਪਨੀ ਨੂੰ ਠੇਕਾ ਦੇ ਕੇ 53 ਆਰ. ਓ. 10 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲਾਏ ਹਨ, ਕੰਪਨੀ 7 ਸਾਲ ਤੱਕ ਉਸ ਦੀ ਦੇਖ-ਰੇਖ ਕਰੇਗੀ।
ਪਾਣੀ ਦੀ ਘਾਟ ਨਹੀਂ, ਸਟਾਫ ਦੀ ਘਾਟ
ਸ਼ਹਿਰ 'ਚ ਪਾਣੀ ਦੀ ਘਾਟ ਨਹੀਂ ਪਰ ਇਸ ਨੂੰ ਮੁਹੱਈਆ ਕਰਵਾਉਣ ਲਈ ਸਟਾਫ ਦੀ ਕਮੀ ਜ਼ਰੂਰ ਖਲਦੀ ਹੈ। ਰਾਤ 2.30 ਵਜੇ ਪਾਣੀ ਨੂੰ ਛੱਡਿਆ ਜਾਂਦਾ ਹੈ, ਜੋ ਸਵੇਰੇ 7 ਵਜੇ ਤੱਕ ਚੱਲਦਾ ਹੈ। ਪਾਣੀ ਸਪਲਾਈ ਕਰਨ ਲਈ ਮੈਨੂਅਲ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ ਗਾਰਡਨ ਦੇ ਟਰੀਟਮੈਂਟ ਪਲਾਂਟ ਤੋਂ ਪਾਣੀ ਨੂੰ ਪਾਈਪਾਂ ਰਾਹੀਂ ਟੈਂਕੀਆਂ ਵਿਚ ਭਰਿਆ ਜਾਂਦਾ ਹੈ, ਫਿਰ ਅੱਗੇ ਸਪਲਾਈ ਕੀਤਾ ਜਾਂਦਾ ਹੈ। ਟੈਂਕੀਆਂ ਦੇ ਲੱਗੇ ਬਾਲ ਖੋਲ੍ਹਣ ਲਈ ਵਰਕਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਕਦੇ ਪਾਣੀ ਛੱਡ ਦਿੱਤਾ ਜਾਂਦਾ ਹੈ ਅਤੇ ਕਦੇ ਨਹੀਂ। ਇਸ ਸਬੰਧ ਵਿਚ ਵਾਟਰ ਸਪਲਾਈ ਵਿਭਾਗ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਕਾਰਨ ਇਹ ਦਿੱਕਤ ਆਉਂਦੀ ਹੈ ਕਿਉਂਕਿ ਛੁੱਟੀ 'ਤੇ ਚਲੇ ਆਉਣ ਦੀ ਇਵਜ਼ ਵਿਚ ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਕਰਮਚਾਰੀ ਰੱਖਣੇ ਪੈਂਦੇ ਹਨ, ਜਿਸ ਕਾਰਨ ਸਮੱਸਿਆ ਪੈਦਾ ਹੁੰਦੀ ਹੈ।
ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਪਰ ਫੇਲ ਸਾਬਤ ਹੋਇਆ
ਪੰਜਾਬ ਸਰਕਾਰ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਤੇ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਨਿੱਜੀ ਕੰਪਨੀ ਤ੍ਰਿਵੇਣੀ ਨੂੰ 288 ਕਰੋੜ ਰੁਪਏ ਦਾ ਠੇਕਾ ਦਿੱਤਾ, ਜਿਸ ਤਹਿਤ ਉਨ੍ਹਾਂ ਨਵੀਆਂ ਪਾਈਪਾਂ ਪਾਉਣ ਦੇ ਨਾਲ ਸੀਵਰੇਜ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਸੀ। ਇਸ ਠੇਕੇ ਤਹਿਤ ਢਾਈ ਸਾਲ ਵਿਚ ਕੰਮ ਪੂਰਾ ਕਰਨਾ ਸੀ ਪਰ 2 ਸਾਲ ਲੰਘਣ ਦੇ ਬਾਵਜੂਦ ਕੰਪਨੀ ਨੇ 40 ਫੀਸਦੀ ਕੰਮ ਕੀਤਾ, ਜਿਸ ਲਈ ਕੰਪਨੀ ਨੂੰ ਡੇਢ ਕਰੋੜ ਰੁਪਏ ਜੁਰਮਾਨਾ ਵੀ ਕੀਤਾ ਗਿਆ। ਕੰਪਨੀ ਨੇ ਐਗਰੀਮੈਂਟ ਅਨੁਸਾਰ 16 ਮੀਟਰ (ਲਗਭਗ 50 ਫੁੱਟ) ਉਪਰ ਤੱਕ ਪਾਣੀ ਪਹੁੰਚਾਉਣਾ ਸੀ ਤਾਂ ਜੋ ਤੀਜੀ ਤੇ ਚੌਥੀ ਮੰਜ਼ਿਲ 'ਤੇ ਰਹਿ ਰਹੇ ਲੋਕਾਂ ਨੂੰ ਵੀ ਸੁਵਿਧਾਜਨਕ ਪਾਣੀ ਮਿਲੇ ਪਰ ਕੰਪਨੀ ਦੀ ਨਾਕਾਮੀ ਦੇ ਕਾਰਨ ਇਹ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਕੁਝ ਖੇਤਰਾਂ ਵਿਚ ਨਗਰ ਨਿਗਮ ਨੇ ਨਲ ਕੂਪਾਂ ਨਾਲ ਭੂ-ਜਲ ਪਹੁੰਚਾਇਆ, ਜੋ ਸਿਹਤ ਲਈ ਹਾਨੀਕਾਰਕ ਹੈ। ਉੱਚੇ ਖੇਤਰਾਂ 'ਚ ਕੰਪਨੀ ਪਾਣੀ ਨਹੀਂ ਪਹੁੰਚਾ ਸਕੀ। ਲੋਕਾਂ ਨੂੰ ਨਲ ਕੂਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਜਦਕਿ ਸ਼ੁੱਧ ਪਾਣੀ ਦੀ ਕਮੀ ਕੋਈ ਨਹੀਂ। ਪੀਣ ਲਈ ਪਾਣੀ ਤਾਂ ਆਰ. ਓ. ਤੋਂ ਮਿਲ ਜਾਂਦਾ ਹੈ ਪਰ ਨਹਾਉਣ ਤੇ ਕੱਪੜੇ ਧੋਣ ਲਈ ਹੈਵੀ ਵਾਟਰ ਹੀ ਪ੍ਰਯੋਗ ਕਰਨਾ ਪੈਂਦਾ ਹੈ। ਬਰਸਾਤ ਦੇ ਮੌਸਮ 'ਚ ਇਸ ਦੀ ਸ਼ਿਕਾਇਤ ਵਧ ਜਾਂਦੀ ਹੈ ਪਰ ਇਸ ਦਾ ਦੋਸ਼ ਪੁਰਾਣੀਆਂ ਪਾਈਪਾਂ 'ਤੇ ਲੱਗ ਜਾਂਦਾ ਹੈ ਕਿ ਇਹ ਪਾਈਪਾਂ 25-30 ਸਾਲ ਪਹਿਲਾਂ ਪਾਈਆਂ ਗਈਆਂ ਸੀ ਜੋ ਤਰਸਯੋਗ ਹਾਲਤ 'ਚ ਹੈ।
ਜੋਗੀ ਨਗਰ, ਗੋਪਾਲ ਨਗਰ ਤੇ ਟਿੱਬਿਆਂ 'ਤੇ ਆਈ ਸੀ ਦਿੱਕਤ
ਲਗਭਗ ਇਕ ਮਹੀਨਾ ਪਹਿਲਾਂ ਲਾਈਨ ਪਾਰ ਬਸਤੀ ਜਿਸ 'ਚ ਜੋਗੀ ਨਗਰ,ਗੋਪਾਲ ਨਗਰ, ਪਰਸ ਰਾਮ ਨਗਰ ਅਤੇ ਟਿੱਬਿਆਂ 'ਚ ਪਾਣੀ 'ਚ ਅਚਾਨਕ ਕਮੀ ਆ ਗਈ, ਜਿਸ ਕਾਰਨ ਸਲੂਸ ਬਾਲ ਨੂੰ ਢੰਗ ਨਾਲ ਖੋਲ੍ਹਿਆ ਤੇ ਬੰਦ ਨਹੀਂ ਕੀਤਾ ਗਿਆ ਕਿਉਂਕਿ ਨਿਗਮ ਕੋਲ ਸਟਾਫ ਦੀ ਕਮੀ ਸੀ। ਇਸ ਸੰਬੰਧ 'ਚ ਹਾਊਸ ਮੀਟਿੰਗ 'ਚ ਰੌਲਾ ਪਿਆ, ਫਿਰ ਜਾ ਕੇ ਪਾਣੀ ਦੀ ਸਮੱਸਿਆ ਬਹਾਲ ਹੋਈ। ਹੁਣ ਇਸ ਖੇਤਰ ਵਿਚ ਕੋਈ ਸਮੱਸਿਆ ਨਹੀਂ। -ਜਗਰੂਪ ਸਿੰਘ ਗਿੱਲ ਕੌਂਸਲਰ ਨਗਰ ਨਿਗਮ ਬਠਿੰਡਾ।
ਸਰਕਾਰੀ ਪਾਣੀ ਦੇ ਸੈਂਪਲ ਸਾਰੇ ਪਾਸ ਪਰ ਪ੍ਰਾਈਵੇਟ ਸੰਸਥਾਵਾਂ ਫੇਲ
ਪਾਣੀ ਦੀ ਸ਼ੁੱਧਤਾ ਪਰਖਣ ਲਈ ਟਰੀਟਮੈਂਟ ਪਲਾਂਟ ਦੇ ਨਾਲ ਹੀ ਇਕ ਆਧੁਨਿਕ ਲੈਬ ਬਣਾਈ ਗਈ ਹੈ ਜਿਥੇ ਪਾਣੀ ਦੀ ਡਿਗਰੀ, ਮਾਤਰਾ ਤੇ ਟੀ. ਡੀ. ਐੱਸ. ਨੂੰ ਮਾਪਿਆ ਜਾਂਦਾ ਹੈ। ਇਸ ਤੋਂ ਬਿਨਾਂ ਵੀ ਸਿਹਤ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ਦੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਪਿਛਲੇ ਇਕ ਮਹੀਨੇ ਦੌਰਾਨ 15 ਸੈਂਪਲ ਲਏ ਗਏ ਸੀ ਜੋ ਸਾਰੇ ਪਾਸ ਹਨ, ਜਿੱਥੇ ਟਰੀਟਮੈਂਟ ਪਲਾਂਟ ਦਾ ਪਾਣੀ ਨਹੀਂ ਪਹੁੰਚਦਾ ਉਥੋਂ ਦੇ ਸੈਂਪਲ ਫੇਲ ਹੋਏ। ਸਿਹਤ ਵਿਭਾਗ ਵੱਲੋਂ ਜ਼ਿਲਾ ਕੌਂਸਲਰ, ਜ਼ਿਲਾ ਸੈਸ਼ਨ ਦਫਤਰ, ਹਸਪਤਾਲ, ਆਈ. ਟੀ. ਆਈ. ਸਮੇਤ ਕਈ ਕਾਲੋਨੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦਾ ਟੀ. ਡੀ. ਐੱਸ. 50 ਤੋਂ ਘੱਟ ਹੀ ਸੀ ਜੋ ਸ਼ੁੱਧ ਪਾਇਆ ਗਿਆ। ਬੋਤਲ ਪਾਣੀ, ਆਈਸਕ੍ਰੀਮ ਫੈਕਟਰੀਆਂ, ਸੋਡਾ ਫੈਕਟਰੀਆਂ ਆਦਿ ਦੇ ਸੈਂਪਲ ਲਗਭਗ ਫੇਲ ਹੀ ਆਉਂਦੇ ਹਨ ਕਿਉਂਕਿ ਇਹ ਕੰਪਨੀਆਂ ਭੂ-ਜਲ ਦਾ ਪ੍ਰਯੋਗ ਕਰਦੀਆਂ ਹਨ, ਜਿਸ 'ਚ ਸ਼ੁੱਧਤਾ ਦੀ ਘਾਟ ਹੁੰਦੀ ਹੈ, ਜਿਸ ਕਾਰਨ ਇਹ ਪਾਣੀ ਕਦੇ ਵੀ ਸੈਂਪਲ 'ਚ ਪਾਸ ਨਹੀਂ ਹੋ ਸਕਦਾ। ਵਿਭਾਗ ਵੱਲੋਂ ਇਨ੍ਹਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਜਾਂ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ।-ਜ਼ਿਲਾ ਸਿਹਤ ਅਧਿਕਾਰੀ ਅੰਮ੍ਰਿਤਪਾਲ