ਬਠਿੰਡਾ : ਮਿੱਗ-21 ਨੂੰ ਲੈ ਕੇ 'ਦਿਓਰ-ਭਰਜਾਈ' ਫਿਰ ਹੋਏ ਆਹਮੋ-ਸਾਹਮਣੇ

12/27/2019 4:06:54 PM

ਬਠਿੰਡਾ (ਬਿਊਰੋ) : ਵੈਸੇ ਤਾਂ ਦਿਓਰ-ਭਰਜਾਈ ਦਾ ਰਿਸ਼ਤਾ ਬਹੁਤ ਹੀ ਪਿਆਰਾ ਤੇ ਹਾਸੇ-ਮਜ਼ਾਕ ਵਾਲਾ ਰਿਸ਼ਤਾ ਹੈ ਪਰ ਪੰਜਾਬ ਦੀ ਸਿਆਸਤ ਦੇ ਇਸ ਦਿਓਰ-ਭਰਜਾਈ 'ਚ ਨਿੱਤ ਦਿਨ ਜੰਗ ਛਿੜੀ ਰਹਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ। ਕਦੇ ਚੋਣਾਂ 'ਚ ਤੇ ਕਦੇ ਕ੍ਰੈਡਿਟ ਨੂੰ ਲੈ ਕੇ ਦਿਓਰ-ਭਰਜਾਈ ਦੀ ਇਹ ਜੋੜੀ ਸੋਸ਼ਲ ਮੀਡੀਆ 'ਤੇ ਵੀ ਆਢ੍ਹਾ ਲਾਈ ਰੱਖਦੀ ਹੈ। ਅੱਜ ਕੱਲ ਇਹ ਜੋੜੀ ਬਠਿੰਡਾ ਦੀ ਐਂਟਰੀ 'ਤੇ ਭਾਈ ਘਨ੍ਹੱਈਆ ਚੌਕ 'ਚ ਲਗਾਏ ਗਏ ਮਿੱਗ-21 ਕਾਰਨ ਚਰਚਾ ਵਿਚ ਹੈ।

ਦਰਅਸਲ, ਇਸ ਮਿੱਗ-21 ਦਾ ਸਿਹਰਾ ਲੈਣ ਲਈ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ 'ਚ ਦੌੜ ਸ਼ੁਰੂ ਹੋ ਗਈ ਹੈ। ਹਰਸਿਮਰਤ ਕੌਰ ਬਾਦਲ ਜਿਥੇ ਇਸ ਨੂੰ ਆਪਣੀਆਂ ਕੋਸ਼ਿਸ਼ਾਂ ਦਾ ਫਲ ਦੱਸ ਰਹੇ, ਉਥੇ ਹੀ ਦੂਜੇ ਪਾਸੇ ਮਨਪ੍ਰੀਤ ਬਾਦਲ ਇਸ ਦੇ ਲਈ ਆਪਣੀ ਪਿੱਠ ਖੁਦ ਥਪਥਪਾ ਰਹੇ ਹਨ। ਬੀਤੇ ਦਿਨੀਂ ਮਨਪ੍ਰੀਤ ਬਾਦਲ ਨੇ ਚੌਕ ਦਾ ਗੇੜਾ ਮਾਰਿਆ ਤੇ ਮਿੱਗ 21 ਦਾ ਜਾਇਜ਼ਾ ਲੈਂਦੇ ਹੋਏ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ।

ਹਰਸਿਮਰਤ ਕੌਰ ਬਾਦਲ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ। ਦੂਜੇ ਪਾਸੇ ਬੀਬਾ ਹਰਸਿਮਰਤ ਬਾਦਲ ਨੇ ਵੀ ਮਿੱਗ 21 ਨੂੰ ਲੈ ਕੇ ਟਵੀਟ ਕੀਤਾ। ਹਰਸਿਮਰਤ ਬਾਦਲ ਨੇ ਲਿਖਿਆ, ''ਜਦੋਂ ਬਠਿੰਡਾ ਨੂੰ ਆਪਣਾ ਪਹਿਲਾ ਫਲਾਈਓਵਰ ਮਿਲਿਆ ਸੀ, ਉਦੋਂ ਤੋਂ ਹੀ ਮੇਰੀ ਰੀਝ ਸੀ ਕਿ ਬਠਿੰਡਾ ਦੇ ਚੌਕ 'ਚ ਮਿੱਗ ਸਥਾਪਿਤ ਕੀਤਾ ਜਾਵੇ, ਤਾਂ ਜੋ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਣਾ ਮਿਲ ਸਕੇ। ਮੈਂ ਖੁਸ਼ ਹਾਂ ਕਿ ਮੇਰੀਆਂ ਕੋਸ਼ਿਸ਼ਾਂ ਤੇ ਦ੍ਰਿੜਤ ਇਰਾਦੇ ਨੂੰ ਬੂਰ ਪਿਆ ਹੈ ਅਤੇ ਸ਼ਹਿਰ ਕੋਲ ਹੁਣ ਸੁਪਰਸੋਨਿਕ ਲੜਾਕੂ ਜਹਾਜ਼ ਹੈ ਜੋ ਨੌਜਵਾਨਾਂ ਨੂੰ ਅਕਾਸ਼ 'ਚ ਉਡਾਣ ਭਰਨ ਦੇ ਸੁਪਨੇ ਸਜਾਉਣ ਲਈ ਤਿਆਰ ਕਰੇਗਾ।''

ਦੱਸ ਦੇਈਏ ਕਿ ਬਠਿੰਡਾ ਛਾਉਣੀ ਦੇਸ਼ ਦੀ ਸਭ ਤੋਂ ਵੱਡੀ ਛਾਉਣੀ ਹੈ ਤੇ ਲੰਮੇ ਸਮੇਂ ਤੋਂ ਇਥੇ ਲੜਾਕੂ ਜਹਾਜ਼ ਲਗਾਏ ਜਾਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਸੂਤਰਾਂ ਮੁਤਾਬਕ ਬਾਦਲ ਸਰਕਾਰ ਸਮੇਂ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਇਸ ਨੂੰ ਮਨਜ਼ੂਰ ਕਰਵਾਇਆ ਸੀ ਪਰ ਪੰਜਾਬ 'ਚ ਸਰਕਾਰ ਬਦਲਣ ਮਗਰੋਂ ਇਸ ਦਾ ਕੰਮ ਲਟਕ ਗਿਆ ਸੀ।

ਖੈਰ, ਇਸ ਮਿੱਗ-21 ਨੂੰ ਲਗਵਾਉਣ ਦਾ ਸਿਹਰਾ ਭਾਵੇਂ ਕਿਸੇ ਨੂੰ ਵੀ ਜਾਂਦਾ ਹੋਵੇ ਪਰ ਇਸ ਵਿਚ ਕੋਈ ਦੋ-ਰਾਏ ਨਹੀਂ ਕਿ ਇਹ ਜਹਾਜ਼ ਬਠਿੰਡਾ ਦੀ ਸ਼ਾਨ ਨੂੰ ਚਾਰ ਚੰਨ ਜਰੂਰ ਲਗਾ ਰਿਹਾ ਹੈ।