ਬਠਿੰਡਾ ''ਚ 8 ਸਾਲਾ ਬੱਚੀ ਸਣੇ 3 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

05/07/2020 12:09:10 AM

ਬਠਿੰਡਾ,(ਬਲਵਿੰਦਰ)- ਕੋਰੋਨਾ ਵਾਇਰਸ ਦੀ ਜਿਥੇ ਪੂਰੀ ਦੁਨੀਆ 'ਚ ਦਹਿਸ਼ਤ ਬਣੀ ਹੋਈ ਹੈ, ਉਥੇ ਹੀ ਇਸ ਦਾ ਪ੍ਰਭਾਵ ਹੁਣ ਪੰਜਾਬ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ 'ਚ ਵੀ ਹਰ ਰੋਜ਼ ਕਾਫੀ ਗਿਣਤੀ 'ਚ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਬਠਿੰਡਾ 'ਚ ਸਾਹਮਣੇ ਆਇਆ ਜਿਥੇ 8 ਸਾਲਾ ਬੱਚੀ ਸਮੇਤ 3 ਨਵੇਂ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 230 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਜਾਣਕਾਰੀ ਮੁਤਾਬਕ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਤੋਂ ਆਏ ਸ਼ਰਧਾਲੂ ਪਰਿਵਾਰ, ਜੈਸਲਮੇਰ (ਰਾਜਸਥਾਨ) ਤੋਂ ਆਏ ਮਜ਼ਦੂਰ ਪਰਿਵਾਰ ਅਤੇ ਕੋਟਾ (ਰਾਜਸਥਾਨ) ਤੋਂ ਲਿਆਂਦੇ ਗਏ ਵਿਦਿਆਰਥੀਆਂ 'ਚੋਂ ਹੁਣ ਤੱਕ 1350 ਰਿਪੋਰਟਾਂ ਭੇਜੀਆਂ ਗਈਆਂ ਸਨ। ਜਿਨ੍ਹਾਂ 'ਚੋਂ 1174 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 137 ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਇਸ ਤੋਂ ਪਹਿਲਾਂ 36 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜੋ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂ ਤੇ ਹੋਰ ਲੋਕ ਹਨ। ਅੱਜ ਪਹਿਲੀ ਪਾਜ਼ੇਟਿਵ ਰਿਪੋਰਟ ਇਕ 8 ਸਾਲਾ ਬੱਚੀ ਦੀ ਆਈ, ਜੋ ਜ਼ਿਲੇ ਦੇ ਇਕ ਪਿੰਡ ਨਾਲ ਸੰਬੰਧਤ ਹੈ। ਇਸ ਬੱਚੀ ਦੇ ਪਰਿਵਾਰ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਚੁੱਕੀ ਹੈ, ਜੋ ਜੈਸਲਮੇਰ ਵਿਖੇ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ ਤੇ ਉਥੋਂ ਵਾਪਸ ਲਿਆਂਦਾ ਗਿਆ ਸੀ। ਇਹ ਪਰਿਵਾਰ ਤਲਵੰਡੀ ਸਾਬੋ ਵਿਖੇ ਪਹਿਲਾਂ ਹੀ ਏਕਾਂਤਵਾਸ ਵਿਚ ਰੱਖਿਆ ਹੋਇਆ ਸੀ।

ਇਸੇ ਤਰ੍ਹਾਂ ਜੈਸਲਮੇਰ ਤੋਂ ਹੀ ਲਿਆਂਦੇ ਗਏ ਇਕ ਹੋਰ ਮਜ਼ਦੂਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦ ਕਿ ਇਕ ਪੁਲਸ ਕਰਮਚਾਰੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜੋ ਕੋਟਾ ਵਿਖੇ ਵਿਦਿਆਰਥੀਆਂ ਨੂੰ ਲੈਣ ਗਈ ਬੱਸ ਦੇ ਨਾਲ ਗਿਆ ਸੀ। ਇਨ੍ਹਾਂ ਤੋਂ ਇਲਾਵਾ ਅਜੇ ਵੀ 137 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਨ੍ਹਾਂ ਦੇ ਕੱਲ੍ਹ ਤੱਕ ਆਉਣ ਦੀ ਸੰਭਾਵਨਾ ਹੈ। ਡੀ. ਸੀ. ਬਠਿੰਡਾ ਸ੍ਰੀ ਬੀਨਿਵਾਸਨ ਨੇ ਉਪਰੋਕਤ ਕੇਸਾਂ ਦੀ ਪੁਸ਼ਟੀ ਕਰਦਿਆਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਤੱਕ ਜ਼ਿਲੇ ਅੰਦਰ ਕੁੱਲ 39 ਮਾਮਲੇ ਪਾਜ਼ੇਟਿਵ ਹਨ, ਜੋ ਕਿ ਸਾਰੇ ਦੇ ਸਾਰੇ ਪਹਿਲਾਂ ਤੋਂ ਹੀ ਏਕਾਂਤਵਾਸ ਵਿਚ ਹਨ। ਬਠਿੰਡਾ ਸ਼ਹਿਰ ਨੇ ਹਾਲੇ ਵੀ ਆਪਣੀ ਜ਼ੀਰੋ ਕਾਇਮ ਰੱਖੀ ਹੋਈ ਹੈ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਿਰਫ ਕੋਰੋਨਾ ਬਿਮਾਰੀ ਸੰਬੰਧੀ ਬਣੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਜਿਸ ਨਾਲ ਸਾਡੀ ਜਿੱਤ ਪੱਕੀ ਹੈ।

Deepak Kumar

This news is Content Editor Deepak Kumar