ਪੰਜਾਬ 'ਚ ਨਸ਼ੇ ਦਾ ਕਹਿਰ ਬਾਦਸਤੂਰ ਜਾਰੀ, ਹੁਣ ਚਿੱਟੇ ਦੀ ਓਵਰਡੋਜ਼ ਕਾਰਨ ਜਵਾਨ ਕੁੜੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

09/15/2020 10:32:53 AM

ਬਠਿੰਡਾ (ਵਿਜੇ) : ਚਿੱਟੇ ਦੀ ਓਵਰਡੋਜ਼ ਨਾਲ ਇਕ 30 ਸਾਲਾ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਆਰਕੈਸਟਰਾ ਡਾਂਸਰ ਸੀ, ਜਿਸ ਨੂੰ ਉਸ ਦੇ ਨਾਲ ਕੰਮ ਕਰਣ ਵਾਲੀਆਂ 2 ਡਾਂਸਰ ਸਹੇਲੀਆਂ ਨੇ ਚਿੱਟੇ ਦੀ ਓਵਰਡੋਜ਼ ਦੇ ਦਿੱਤੀ। ਕੈਨਾਲ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਦੋਵਾਂ ਸਹੇਲੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : ਬਜ਼ੁਰਗ ਗ੍ਰੰਥੀ 'ਤੇ ਪੁੱਤਾਂ ਢਾਹਿਆ ਕਹਿਰ, ਤੋਹਮਤਾਂ ਲਗਾ ਕੇ ਕੱਢਿਆ ਘਰੋਂ (ਵੀਡੀਓ)

ਥਾਣਾ ਕੈਨਾਲ ਪੁਲਸ ਦੇ ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ ਉਰਫ਼ ਕਰੀਨਾ ਨਿਵਾਸੀ ਕੀਕਰਦਾਸ ਮੁਹੱਲਾ ਬਠਿੰਡਾ ਦੇ ਤੌਰ 'ਤੇ ਹੋਈ ਹੈ। ਮ੍ਰਿਤਕਾ ਦੇ ਭਰਾ ਮੁਹੱਲਾ ਕੀਕਰ ਦਾਸ ਦੇ ਨਿਵਾਸੀ ਹਰਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਨਿਵਾਸੀ ਵਿਅਕਤੀ ਨਾਲ ਹੋਇਆ ਸੀ, ਪਰ ਕੁਝ ਹੀ ਸਮੇਂ ਬਾਅਦ ਤਲਾਕ ਹੋ ਗਿਆ। ਉਦੋਂ ਤੋਂ ਉਸ ਦੀ ਭੈਣ ਪੇਕੇ ਘਰ ਹੀ ਰਹਿ ਰਹੀ ਸੀ। ਕਰਮਜੀਤ ਕਾਫ਼ੀ ਸਮੇਂ ਤੋਂ ਆਰਕੈਸਟਰਾ ਡਾਂਸਰ ਦਾ ਕੰਮ ਕਰ ਰਹੀ ਸੀ। ਲੰਘੀ 13 ਸਤੰਬਰ ਦੀ ਸ਼ਾਮ 5 ਵਜੇ ਕਰਮਜੀਤ ਘਰ 'ਚ ਹੀ ਸੀ। ਇਸ ਦੌਰਾਨ ਉਸ ਦੀ ਸਹੇਲੀ ਅਮਨ ਉਸ ਦੀ ਭੈਣ ਨੂੰ ਕਿਸੇ ਪ੍ਰੋਗਰਾਮ 'ਚ ਜਾਣ ਦਾ ਕਹਿ ਕੇ ਆਪਣੇ ਗਲੀ ਨੰ.-28 ਸੁਰਖਪੀਰ ਰੋਡ ਸਥਿਤ ਘਰ ਲੈ ਗਈ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, 6 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਜ਼ਮੀਨ 'ਤੇ ਬੇਹੋਸ਼ ਪਈ ਸੀ ਡਾਂਸਰ, ਸਹੇਲੀਆਂ ਵੀ ਸੀ ਨਸ਼ੇ 'ਚ
ਕਰੀਬ ਰਾਤ 8.30 ਵਜੇ ਅਮਨ ਦੀ ਉਸਦੀ ਮਾਂ ਦੇ ਫੋਨ 'ਤੇ ਕਾਲ ਆਈ ਕਿ ਕਰਮਜੀਤ ਕੌਰ ਬੇਹੋਸ਼ ਪਈ ਹੈ। ਸ਼ਿਕਾਇਤਕਰਤਾ ਹਰਜਿੰਦਰ ਨੇ ਦੱਸਿਆ ਕਿ ਉਹ ਤੁਰੰਤ ਆਪਣੀ ਪਤਨੀ ਬਲਵਿੰਦਰ ਕੌਰ ਅਤੇ ਮਾਤਾ ਕੁਲਵੰਤ ਕੌਰ ਨੂੰ ਲੈ ਕੇ ਅਮਨ ਦੇ ਘਰ ਪੁੱਜੇ ਤਾਂ ਉਸ ਦੀ ਭੈਣ ਕਰਮਜੀਤ ਕੌਰ ਜ਼ਮੀਨ 'ਤੇ ਬੇਹੋਸ਼ ਪਈ ਸੀ ਅਤੇ ਮੌਕੇ 'ਤੇ ਅਮਨ ਅਤੇ ਉਸਦੀ ਸਹੇਲੀ ਨਸ਼ੇ ਦੀ ਹਾਲਤ 'ਚ ਸਨ। ਉਨ੍ਹਾਂ ਨੇ ਤੁਰੰਤ ਕਰਮਜੀਤ ਕੌਰ ਨੂੰ ਗੋਨਿਆਨਾ ਰੋਡ ਸਥਿਤ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਹ ਦੁਬਾਰਾ ਅਮਨ ਦੇ ਘਰ ਪੁੱਜੇ ਤਾਂ ਉਹ ਘਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਚੁੱਕੀਆਂ ਸਨ।

ਇਹ ਵੀ ਪੜ੍ਹੋ : ਸੇਵਾ ਕੇਂਦਰ ਦੀ ਇਮਾਰਤ 'ਤੇ ਲਹਿਰਾਇਆ ਕੇਸਰੀ ਝੰਡਾ, ਲੋਕਾਂ 'ਚ ਦਹਿਸ਼ਤ

ਮਾਂ ਨੇ ਕਿਹਾ-ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਹੀਂ ਕਰਾਂਗੀ ਧੀ ਦਾ ਸਸਕਾਰ
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਭਰਾ ਹਰਜਿੰਦਰ ਨੇ ਦੱਸਿਆ ਕਿ ਅਮਨ ਅਤੇ ਉਸਦੀ ਸਹੇਲੀ ਨੇ ਉਸ ਦੀ ਭੈਣ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਮੌਕੇ 'ਤੇ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ, ਜੋ ਉਨ੍ਹਾਂ ਨੇ ਪੁਲਸ ਨੂੰ ਸੌਂਪ ਦਿੱਤੀਆਂ ਹਨ। ਉਥੇ ਹੀ ਮ੍ਰਿਤਕ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੀ ਧੀ ਦਾ ਸਸਕਾਰ ਨਹੀਂ ਕਰਾਂਗੇ। ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ 'ਚ ਅਮਨ ਨਿਵਾਸੀ ਸੁਰਖਪੀਰ ਰੋਡ ਤੋਂ ਇਲਾਵਾ ਇਕ ਅਣਪਛਾਤੀ ਔਰਤ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


 

Baljeet Kaur

This news is Content Editor Baljeet Kaur