ਕੈਪਟਨ ਦੇ ਮੰਤਰੀ ਨੇ ਗਾਏ ਹਰਸਿਮਰਤ ਦੇ ਸੋਹਲੇ

12/23/2019 5:53:22 PM

ਬਠਿੰਡਾ : ਅੱਜ ਤੋਂ ਬਠਿੰਡਾ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ) 'ਚ ਓ. ਪੀ. ਡੀ. ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਬਠਿੰਡਾ ਏਮਜ਼ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੱਲੋਂ ਕੀਤਾ ਗਿਆ। ਮਰੀਜ਼ 10 ਰੁਪਏ ਦੀ ਪਰਚੀ ਕੱਟ ਕੇ ਮਾਹਿਰ ਤੋਂ ਚੈੱਕਅਪ ਕਰਵਾ ਸਕਣਗੇ ਜਦਕਿ ਉਨ੍ਹਾਂ ਨੂੰ ਦਵਾਈ ਵੀ ਅਮ੍ਰਿਤ ਫਾਰਮੇਸੀ ਦੇ ਮਾਧਿਅਮ ਨਾਲ ਮੁਹੱਈਆ ਕਰਵਾਈ ਜਾਵੇਗੀ।

ਇਸ ਦੌਰਾਨ ਓਮ ਪ੍ਰਕਾਸ਼ ਸੋਨੀ ਨੇ ਬਾਦਲਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਹਰਸਿਮਰਤ ਦੇ ਯਤਨਾ ਸਦਕਾ ਹੀ ਪੰਜਾਬ ਨੂੰ ਏਮਜ਼ ਮਿਲਿਆ ਹੈ। ਸੋਨੀ ਨੇ ਕਿਹਾ ਕਿ ਇਨ੍ਹਾਂ ਦਾ ਜਿੰਨਾਂ ਵੀ ਧੰਨਵਾਦ ਕੀਤਾ ਜਾਵੇ, ਓਨਾ ਹੀ ਥੋੜ੍ਹਾ ਹੈ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਆਗੂ ਸ਼ਾਮਲ ਹੋਏ। ਉਥੇ ਹੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਬਲਬੀਰ ਸਿੱਧੂ ਨਹੀਂ ਪੁੱਜੇ।

ਦੱਸ ਦੇਈਏ ਕਿ ਫਿਲਹਾਲ ਏਮਜ਼ ਬਠਿੰਡਾ 'ਚ ਕੇਵਲ ਓ. ਪੀ. ਡੀ. ਦੀ ਸ਼ੁਰੂਆਤ ਹੀ ਕੀਤੀ ਜਾ ਰਹੀ ਹੈ ਪਰ ਕਿਸੇ ਮਰੀਜ਼ ਨੂੰ ਮੁਸ਼ਕਲ ਆਉਣ ਦੇ ਕਾਰਣ ਉਸ ਨੂੰ ਐਮਰਜੈਂਸੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਏਮਜ਼ 'ਚ 750 ਬੈੱਡ ਦੀ ਵੀ ਵਿਵਸਥਾ ਕੀਤੀ ਹੈ ਪਰ ਬਿਲਡਿੰਗ 'ਤੇ ਹੋਰ ਕੰਮ ਹੋਣ ਕਰ ਕੇ ਫਿਲਹਾਲ ਕੇਵਲ ਓ. ਪੀ. ਡੀ. ਦੀ ਹੀ ਵਿਵਸਥਾ ਦਿੱਤੀ ਗਈ ਹੈ। ਪਤਾ ਚੱਲਿਆ ਹੈ ਕਿ ਫਿਲਹਾਲ ਮਰੀਜ਼ਾਂ ਨੂੰ ਆਰਥੋਪੈਡਿਕ, ਜਨਰਲ ਸਰਜਰੀ 'ਚ ਐਂਕਾਲੋਜੀ ਤੇ ਯੂਰੋਲੋਜੀ, ਮਾਨਸਿਕ ਰੋਗਾਂ, ਗਾਇਨੀ ਅਤੇ ਡੈਂਟਲ ਆਦਿ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਇਲਾਵਾ ਮਰੀਜ਼ਾਂ ਲਈ ਕੁੱਝ ਟੈਸਟਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਏਮਜ਼ 'ਚ 60 ਮਾਹਿਰ ਡਾਕਟਰਾਂ ਦੀ ਤਾਇਨਾਤੀ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ। ਪਤਾ ਚੱਲਿਆ ਹੈ ਕਿ ਐਮਰਜੈਂਸੀ ਅਤੇ ਆਈ. ਪੀ. ਡੀ. ਦੀਆਂ ਸੇਵਾਵਾਂ ਨਵੰਬਰ 2020 ਤੋਂ ਸ਼ੁਰੂ ਹੋ ਜਾਣਗੀਆਂ।

cherry

This news is Content Editor cherry