ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 82 ਨਵੇਂ ਮਾਮਲੇ ਆਏ ਸਾਹਮਣੇ, 5 ਦੀ ਮੌਤ

09/19/2020 10:40:01 PM

ਬਠਿੰਡਾ, (ਵਰਮਾ)- ਜ਼ਿਲ੍ਹਾ ਬਠਿੰਡਾ ’ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜ਼ਿਲੇ ’ਚ ਕੋਰੋਨਾ ਤੋਂ ਪੀੜਤ 5 ਲੋਕਾਂ ਦੀ ਮੌਤ ਹੋ ਗਈ , ਜਿਸ ਨਾਲ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋ ਚੁੱਕੀ ਹੈ ਅਤੇ 82 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ ਪਹਿਲੀ ਮੌਤ 57 ਸਾਲਾ ਗੋਨਿਆਣਾ ਵਾਸੀ ਵਿਅਕਤੀ ਦੀ ਹੋਈ। ਸਾਹ, ਬੁਖਾਰ ਅਤੇ ਫੇਫੜਿਆਂ ’ਚ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਨੂੰ 12 ਸਤੰਬਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਆਦੇਸ਼ ਹਸਪਤਾਲ ਬਠਿੰਡਾ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 18 ਸਤੰਬਰ ਦੀ ਦੇਰ ਰਾਤ ਉਸ ਦੀ ਮੌਤ ਹੋ ਗਈ। ਕੋਰੋਨਾ ਨਾਲ ਦੂਜੀ ਮੌਤ 34 ਸਾਲਾ ਕਾਲਿਆਂਵਾਲੀ ਵਾਸੀ ਸਰਕਾਰੀ ਅਧਿਆਪਕ ਦੀ ਹੋਈ। ਸਾਹ ਲੈਣ ਦੀ ਤਕਲੀਫ ਹੋਣ ਕਾਰਨ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਉਸ ਨੂੰ ਇਲਾਜ ਲਈ ਬਠਿੰਡਾ ਦੇ ਸੱਤਿਅਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਤੀਜੀ ਮੌਤ 62 ਸਾਲਾ ਔਰਤ ਦੀ ਹੋਈ ਜੋ ਕਿ ਭਾਈਰੂਪਾ ਦੀ ਰਹਿਣ ਵਾਲੀ ਸੀ। ਬੁਖਾਰ ਅਤੇ ਸਾਹ ਦੀ ਸਮੱਸਿਆ ਕਾਰਨ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ, ਜਿੱਥੇ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਚੌਥੀ ਮੌਤ 60 ਸਾਲ ਦੇ ਵਿਅਕਤੀ ਦੀ ਹੋਈ। ਉਸ ਦੀ 13 ਸਤੰਬਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਅਤੇ ਉਸ ਨੂੰ ਡੀ. ਡੀ. ਆਰ. ਸੀ. ਸੈਂਟਰ ਬਠਿੰਡਾ ’ਚ 14 ਸਤੰਬਰ ਨੂੰ ਦਾਖ਼ਲ ਕੀਤਾ ਪਰ ਸਾਹ ਨਾਲ ਬੁਖਾਰ ਅਤੇ ਜਿਗਰ ਦੀ ਇਨਫੈਕਸ਼ਨ ਵਧ ਜਾਣ ਕਾਰਨ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ, ਜਿੱਥੇ ਸ਼ਨੀਵਾਰ ਸਵੇਰੇ 9.15 ਵਜੇ ਉਸ ਦੀ ਮੌਤ ਹੋ ਗਈ। ਪੰਜਵੀਂ ਮੌਤ ਪਿੰਡ ਦੂਲੇਵਾਲਾ ਦੇ 67 ਸਾਲਾ ਵਿਅਕਤੀ ਦੀ ਹੋਈ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਪਿਛਲੇ ਦਿਨ ਉਸ ਨੂੰ ਬਠਿੰਡਾ ਦੇ ਅਪੋਲੋ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਸ਼ਨੀਵਾਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ।

ਸਮਾਜ ਸੇਵੀ ਯੂਥ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਹਾਈਵੇ ਇੰਚਾਰਜ ਸੁਖਪ੍ਰੀਤ ਸਿੰਘ, ਮੈਂਬਰ ਜਨੇਸ਼ ਜੈਨ, ਰਾਕੇਸ਼ ਜਿੰਦਲ, ਕਮਲਜੀਤ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਬਠਿੰਡਾ ਅਤੇ ਗੋਨਿਆਣਾ ਦੀ ਅਗਵਾਈ ਹੇਠ ਲਾਸ਼ਾਂ ਦਾ ਅੰਤਿਮ ਸੰਸਕਾਰ ਪੀ. ਪੀ. ਈ. ਕਿੱਟਾਂ ਪਾ ਕੇ ਕੀਤਾ ਗਿਆ। ਇਸ ਮੌਕੇ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।

ਦੇਰੀ ਨਾਲ ਹਸਪਤਾਲ ਪਹੁੰਚਣ ਕਾਰਨ ਵਧੀ ਮੌਤ ਦਰ

ਫਿਲਹਾਲ ਕੋਰੋਨਾ ਵਾਇਰਸ ਕਰ ਕੇ ਮੌਤ ਦੇ ਮਾਮਲਿਆਂ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਉਨ੍ਹਾਂ ਦੀ ਮੌਤ ਤੋਂ ਇਕ ਜਾਂ ਦੋ ਦਿਨ ਪਹਿਲਾਂ ਹਸਪਤਾਲ ਲਿਆਂਦਾ ਗਿਆ ਸੀ ਅਤੇ 48 ਤੋਂ 72 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ ਸੀ। ਸਰਕਾਰ ਨੇ ਸੂਬੇ ’ਚ ਮੌਤ ਦੀਆਂ ਦਰ ’ਚ ਵਾਧਾ ਹੋਰਨਾਂ ਕਾਰਨਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਅਮਰਿੰਦਰ ਸਰਕਾਰ ਦਾ ਕਹਿਣਾ ਹੈ ਕਿ ਮਰੀਜ਼ ਲਾਗ ਲੱਗਣ ਦੇ ਕਈ ਦਿਨ ਬਾਅਦ ਹਸਪਤਾਲ ਆ ਰਹੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਬਚਾਉਣਾ ਮੁਸ਼ਕਿਲ ਹੋ ਰਿਹਾ ਹੈ। ਸਰਕਾਰ ਨੇ ਸਰਕਾਰੀ ਹਸਪਤਾਲਾਂ ਲਈ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ ਨੂੰ ਵੀ ਇਸਦਾ ਜ਼ਿੰਮੇਵਾਰ ਠਹਿਰਾਇਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹੋਰ ਬੀਮਾਰੀਆਂ ਕਾਰਨ ਵੀ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਰਹੀ ਹੈ।

Bharat Thapa

This news is Content Editor Bharat Thapa