ਬੰਦ ਦਾ ਅਸਰ, PRTC ਨੂੰ ਹੋਇਆ ਲੱਖਾਂ ਦਾ ਨੁਕਸਾਨ, ਬਿਨਾਂ ਹੁਕਮ ਸਕੂਲ-ਕਾਲਜ ਰਹੇ ਬੰਦ

08/14/2019 9:43:49 AM

ਬਠਿੰਡਾ (ਵਰਮਾ) : ਸ੍ਰੀ ਗੁਰੂ ਰਵਿਦਾਸ ਜੀ ਦਾ ਦਿੱਲੀ ਸਥਿਤ ਮੰਦਰ ਤੋੜਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵੱਲੋਂ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਜ਼ਿਆਦਾਤਰ ਕਾਰੋਬਾਰ ਬੰਦ ਰਹੇ। ਇਕ ਦਿਨ ਦੀ ਹੜਤਾਲ ਕਾਰਨ ਸਰਕਾਰ ਤੇ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਸਹਿਣਾ ਪਿਆ। ਉਥੇ ਹੀ ਕੁਝ ਬਾਜ਼ਾਰ ਖੁੱਲ੍ਹੇ ਰਹੇ ਪਰ ਸਦਭਾਵਨਾ ਚੌਕ ਤੇ ਬੱਸ ਸਟੈਂਡ 'ਤੇ ਕੇਵਲ 2 ਘੰਟੇ ਧਰਨਾ ਲੱਗਿਆ।

ਪੰਜਾਬ ਬੰਦ ਨੂੰ ਲੈ ਕੇ ਪੀ. ਆਰ. ਟੀ. ਸੀ. ਦਾ ਚੱਕਾ ਵੀ ਜਾਮ ਰਿਹਾ। ਬੰਦ ਕਾਰਨ ਪੀ. ਆਰ. ਟੀ. ਸੀ. ਨੂੰ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਡੀ. ਸੀ. ਬਠਿੰਡਾ ਬੀ. ਸ਼੍ਰੀਨਿਵਾਸਨ ਨੇ ਕੋਈ ਸਕੂਲ ਬੰਦ ਕਰਨ ਦੇ ਨਿਰਦੇਸ਼ ਨਹੀਂ ਦਿੱਤੇ ਪਰ ਫਿਰ ਵੀ ਜ਼ਿਆਦਾਤਰ ਸਕੂਲ ਕਾਲਜ ਬੰਦ ਰਹੇ ਤੇ ਸਾਰੇ ਬੈਂਕ ਰੋਜ਼ਾਨਾ ਵਾਂਗ ਖੁੱਲ੍ਹੇ ਰਹੇ।

ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਬਠਿੰਡਾ ਪਰਵੀਨ ਕੁਮਾਰ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੀਆਂ ਲਗਭਗ 200 ਬੱਸਾਂ ਬਠਿੰਡਾ ਬੱਸ ਅੱਡੇ 'ਚੋਂ ਨਿਕਲਦੀਆਂ ਹਨ, ਜਦਕਿ ਪ੍ਰਾਈਵੇਟ 600 ਤੋਂ ਵਧ ਹਨ। ਉਨ੍ਹਾਂ ਨੇ ਦੱਸਿਆ ਕਿ ਹੜਤਾਲ ਦੇ ਅਸਰ ਕਾਰਨ ਸਵਾਰੀਆਂ ਘਰਾਂ ਤੋਂ ਨਹੀਂ ਨਿਕਲੀਆਂ, ਜਿਸ ਦਾ ਖਮਿਆਜ਼ਾ ਪੀ. ਆਰ. ਟੀ. ਸੀ. ਨੂੰ ਭੁਗਤਣਾ ਪਿਆ।

ਚੈਂਬਰ ਆਫ ਕਾਮਰਸ ਦੇ ਪ੍ਰਧਾਨ ਰਮਨ ਵਾਟਸ ਨੇ ਕਿਹਾ ਕਿ ਜਦੋਂ ਵੀ ਹੜਤਾਲ ਦਾ ਸੱਦਾ ਆਉਂਦਾ ਹੈ ਤਾਂ ਉਦਯੋਗਾਂ ਦੇ ਸਾਹ ਫੁੱਲਣ ਲੱਗ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰੀ ਵਿਆਜ 'ਤੇ ਲੋਕਾਂ ਨੇ ਉਦਯੋਗ ਲਾਏ, ਇਕ ਦਿਨ ਵੀ ਕੰਮ ਨਾ ਚਲੇ ਤਾਂ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਸਹਿਣਾ ਪੈਂਦਾ ਹੈ।

ਪ੍ਰਦੇਸ਼ ਯੁਵਾ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਬੰਦ ਦੇ ਡਰ ਨਾਲ ਹੀ ਲੋਕਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਦੁਕਾਨ ਖੋਲ੍ਹਦੇ ਹਨ ਤਾਂ ਭੀੜ ਉਨ੍ਹਾਂ ਦਾ ਨੁਕਸਾਨ ਕਰ ਸਕਦੀ ਹੈ। ਕੁਝ ਖੇਤਰਾਂ 'ਚ ਬਾਜ਼ਾਰ ਖੁੱਲ੍ਹੇ ਵੀ ਪਰ ਲੋਕਾਂ ਦੇ ਬਾਜ਼ਾਰਾਂ 'ਚ ਨਾ ਨਿਕਲਣ ਕਾਰਨ ਬਾਜ਼ਾਰ ਸੁੰਨੇ ਪਏ ਰਹੇ। ਉਨ੍ਹਾਂ ਦੱਸਿਆ ਕਿ ਅਜਿਹੇ 'ਚ ਵਪਾਰੀਆਂ ਨੂੰ ਲੱਖਾਂ ਦਾ ਨੁਕਸਾਨ ਹੋਇਆ।

cherry

This news is Content Editor cherry