ਪੰਜਾਬੀ ਹਰ ਸਾਲ ਤਾਰਦੇ ਹਨ ਕਰੀਬ 3,600 ਕਰੋੜ ਰੁਪਏ ਬਿਜਲੀ ਟੈਕਸ

06/21/2019 12:54:26 PM

ਬਠਿੰਡਾ(ਵੈੱਬ ਡੈਸਕ) : ਪੰਜਾਬੀ ਹਰ ਸਾਲ ਕਰੀਬ 3,600 ਕਰੋੜ ਰੁਪਏ ਬਿਜਲੀ ਟੈਕਸਾਂ ਵਜੋਂ ਤਾਰਦੇ ਹਨ। ਦੇਸ਼ ਦੇ ਕਿਸੇ ਸੂਬੇ 'ਚ ਬਿਜਲੀ 'ਤੇ ਐਨੇ ਟੈਕਸ ਨਹੀਂ ਹਨ। ਪੰਜਾਬ ਬਿਜਲੀ ਤੋਂ 20 ਫ਼ੀਸਦੀ ਟੈਕਸ ਵਸੂਲਦਾ ਹੈ ਜਿਸ 'ਚ ਬਿਜਲੀ ਕਰ, ਬੁਨਿਆਦੀ ਢਾਂਚਾ ਵਿਕਾਸ ਫੰਡ, ਮਿਉਂਸਿਪਲ ਫੰਡ ਸ਼ਾਮਲ ਹਨ। ਗਊ ਸੈੱਸ ਇਸ ਤੋਂ ਵੱਖਰਾ ਹੈ।

'ਪੰਜਾਬੀ ਟ੍ਰਿਬਿਊਨ' ਵੱਲੋਂ ਸਾਰੇ ਸੂਬਿਆਂ ਤੇ ਯੂਟੀਜ਼ ਦੇ ਬਿਜਲੀ ਟੈਕਸਾਂ ਦੇ ਕੀਤੇ ਮੁਲਾਂਕਣ ਮੁਤਾਬਕ ਪੰਜਾਬ 'ਚ ਹਰ ਕੈਟਾਗਿਰੀ ਦੇ 94.78 ਲੱਖ ਬਿਜਲੀ ਕੁਨੈਕਸ਼ਨ ਹਨ। ਵੱਡਾ ਝਟਕਾ ਘਰੇਲੂ ਖ਼ਪਤਕਾਰਾਂ ਨੂੰ ਲੱਗਾ ਹੈ। ਘਰੇਲੂ ਬਿਜਲੀ ਦੇ ਟੈਕਸਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਖ਼ਪਤਕਾਰਾਂ ਦੀ ਗਿਣਤੀ 68.63 ਲੱਖ ਬਣਦੀ ਹੈ। ਪੰਜਾਬ 'ਚ ਘਰੇਲੂ ਬਿਜਲੀ 'ਤੇ 20 ਫ਼ੀਸਦੀ ਟੈਕਸ ਹਨ। ਬਿਜਲੀ ਦੀ ਪ੍ਰਤੀ ਯੂਨਿਟ ਔਸਤਨ 6.53 ਰੁਪਏ ਪੈਂਦੀ ਹੈ ਜਿਸ 'ਤੇ 1.31 ਰੁਪਏ ਟੈਕਸ ਲੱਗਣ ਮਗਰੋਂ ਇਹ ਭਾਅ ਪ੍ਰਤੀ ਯੂਨਿਟ ਔਸਤਨ 7.84 ਰੁਪਏ ਬਣ ਜਾਂਦਾ ਹੈ। ਘਰੇਲੂ ਬਿਜਲੀ 'ਤੇ ਹਰਿਆਣਾ ਤੇ ਤਾਮਿਲਨਾਡੂ 'ਚ 2 ਫੀਸਦ, ਪੱਛਮੀ ਬੰਗਾਲ ਤੇ ਗੁਜਰਾਤ 'ਚ ਇਕ ਫੀਸਦ ਟੈਕਸ ਹੈ। ਬਿਹਾਰ 'ਚ ਅੱਠ ਫੀਸਦ, ਮੱਧ ਪ੍ਰਦੇਸ਼ 'ਚ 15 ਫੀਸਦ, ਹਿਮਾਚਲ 'ਚ 4 ਫੀਸਦ ਤੇ ਰਾਜਸਥਾਨ 'ਚ 15 ਫੀਸਦ ਟੈਕਸ ਹੈ। ਪੌਂਡੀਚੇਰੀ, ਅੰਡਮਾਨ, ਮਿਜ਼ੋਰਮ, ਲਕਸ਼ਦੀਪ ਸਮੂਹ, ਦਾਦਰਾ ਤੇ ਨਗਰ ਹਵੇਲੀ 'ਚ ਕੋਈ ਬਿਜਲੀ ਟੈਕਸ ਨਹੀਂ। ਪੰਜਾਬ 'ਚ ਦਲਿਤ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਤੱਕ ਬਿਜਲੀ ਬਿੱਲ ਮੁਆਫ਼ ਹਨ। ਫਿਰ ਵੀ ਗਰੀਬ ਲੋਕਾਂ ਦੇ ਗੇੜ 'ਚੋਂ ਗੱਲ ਬਾਹਰ ਹੈ। ਵਪਾਰਕ ਕੈਟਾਗਿਰੀ 'ਤੇ ਵੀ ਬਿਜਲੀ ਟੈਕਸ 20 ਫੀਸਦ ਹਨ ਜਦਕਿ ਗੁਜਰਾਤ ਨੂੰ ਛੱਡ ਕੇ ਬਾਕੀ ਸਭ ਸੂਬਿਆਂ 'ਚੋਂ ਪੰਜਾਬ ਨੰਬਰ ਵਨ ਹੈ। ਗੁਜਰਾਤ 'ਚ ਇਸ ਕੈਟਾਗਿਰੀ ਤੇ ਬਿਜਲੀ ਟੈਕਸ 20 ਫੀਸਦ ਹੈ। ਹਰਿਆਣਾ 'ਚ ਇਸ ਕੈਟਾਗਿਰੀ ਤੇ ਇਕ ਫੀਸਦ, ਬਿਹਾਰ 'ਚ 6 ਫੀਸਦੀ ਤੇ ਰਾਜਸਥਾਨ 'ਚ 7 ਫੀਸਦੀ ਹੈ।

ਉਦਯੋਗਾਂ (ਲਾਰਜ ਸਕੇਲ) 'ਤੇ ਪੰਜਾਬ 'ਚ ਬਿਜਲੀ ਟੈਕਸ 20 ਫੀਸਦ ਹੀ ਹਨ ਜਦਕਿ ਹੋਰ ਕਿਸੇ ਸੂਬੇ 'ਚ ਐਨਾ ਟੈਕਸ ਨਹੀਂ। ਸਿਰਫ਼ ਛੱਤੀਸਗੜ 'ਚ ਇਸ ਕੈਟਾਗਿਰੀ 'ਤੇ 20 ਫੀਸਦ ਟੈਕਸ ਹੈ। ਹਰਿਆਣਾ 'ਚ ਇਸ 'ਤੇ 1 ਫੀਸਦ, ਰਾਜਸਥਾਨ 'ਚ 7 ਫੀਸਦ, ਬਿਹਾਰ 'ਚ 6 ਫੀਸਦ ਟੈਕਸ ਹੈ। ਪੰਜਾਬ 'ਚ 2015-16 ਤੋਂ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਫੰਡ ਅਤੇ ਸਾਲ 2017-18 ਤੋਂ ਮਿਉਂਸਿਪਲ ਟੈਕਸ ਲਾਇਆ ਗਿਆ ਹੈ। ਨਾਲੋ-ਨਾਲ ਗਊ ਟੈਕਸ ਵੀ ਵਸੂਲਿਆ ਜਾਣ ਲੱਗਾ ਹੈ। ਪੰਜਾਬ ਦੇ 37 ਫੀਸਦ ਖ਼ਪਤਕਾਰਾਂ ਨੂੰ ਬਿਜਲੀ ਸਬਸਿਡੀ ਮਿਲਦੀ ਹੈ ਜਦਕਿ ਬਿਜਲੀ ਟੈਕਸਾਂ ਤੇ ਇਨ੍ਹਾਂ ਛੋਟਾਂ ਦਾ ਬੋਝ ਆਮ ਖ਼ਪਤਕਾਰਾਂ ਨੂੰ ਚੁੱਕਣਾ ਪੈਂਦਾ ਹੈ।

ਪਾਵਰਕੌਮ ਨੂੰ ਸਾਲਾਨਾ ਕਰੀਬ 31 ਹਜ਼ਾਰ ਕਰੋੜ ਦਾ ਮਾਲੀਆ ਮਿਲਦਾ ਹੈ ਅਤੇ ਚਾਲੂ ਮਾਲੀ ਸਾਲ ਦੌਰਾਨ ਪੰਜਾਬ ਸਰਕਾਰ ਨੇ 9,674 ਕਰੋੜ ਦੀ ਬਿਜਲੀ ਸਬਸਿਡੀ ਦੇਣੀ ਹੈ। ਸਬਸਿਡੀ ਦੇ ਬੋਝ ਚੁੱਕਣ ਲਈ ਬਿਜਲੀ ਟੈਕਸ ਲਾਏ ਜਾ ਰਹੇ ਹਨ ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋ ਰਹੀ ਹੈ। ਬਿਜਲੀ ਟੈਕਸ ਹਟਾ ਦਿੱਤੇ ਜਾਣ ਤਾਂ ਦਰਜਨ ਸੂਬਿਆਂ ਮੁਕਾਬਲੇ ਪੰਜਾਬ 'ਚ ਘਰੇਲੂ ਬਿਜਲੀ ਸਸਤੀ ਹੋਵੇਗੀ। ਇਸੇ ਤਰ੍ਹਾਂ ਹੀ ਵੱਡੇ ਉਦਯੋਗਾਂ ਲਈ ਬਿਜਲੀ ਦੇਸ਼ ਦੇ 19 ਸੂਬਿਆਂ ਨਾਲੋਂ ਸਸਤੀ ਹੋ ਜਾਣੀ ਹੈ।

cherry

This news is Content Editor cherry