ਪਤੀ ਦੇ ਪੈਸਿਆਂ ''ਤੇ ਨਿਊਜ਼ੀਲੈਂਡ ਪਹੁੰਚੀ ਪਤਨੀ ਨੇ ਕਿਹਾ- ਹੁਣ ਨਹੀਂ ਰੱਖਣਾ ਚਾਹੁੰਦੀ ਰਿਸ਼ਤਾ

09/30/2019 2:35:33 PM

ਬਠਿੰਡਾ (ਵੈੱਬ ਡੈਸਕ) : ਬਠਿੰਡਾ ਪੁਲਸ ਵੱਲੋਂ ਨੌਜਵਾਨ ਨਾਲ ਠੱਗੀ ਕਰਨ ਦੇ ਦੋਸ਼ ਵਿਚ ਉਸ ਦੀ ਪਤਨੀ ਅਤੇ ਸਹੁਰੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਨੌਜਵਾਨ ਮਨਦੀਪ ਨੇ ਦੱਸਿਆ ਕਿ ਉਸ ਨੂੰ ਉਸ ਦੀ ਪਤਨੀ ਕੰਵਰਦਵਿੰਦਰ ਕੌਰ ਇਹ ਕਹਿ ਕੇ ਸਟਡੀ ਵੀਜ਼ਾ 'ਤੇ ਨਿਊਜ਼ੀਲੈਂਡ ਗਈ ਸੀ ਕਿ ਉਹ ਬਾਅਦ ਵਿਚ ਉਥੋਂ ਦੀ ਨਾਗਰਿਕਤਾ ਹਾਸਲ ਕਰਕੇ ਉਸ ਨੂੰ ਵੀ ਸੱਦ ਲਏਗੀ ਪਰ ਉਥੇ ਪਹੁੰਚਣ ਦੇ ਕਰੀਬ 1 ਮਹੀਨੇ ਬਾਅਦ ਉਸ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨਾਲ ਨਾਤਾ ਤੋੜ ਲਿਆ।

ਮਨਦੀਪ ਸਿੰਘ ਨਿਵਾਸੀ ਪਿੰਡ ਮਾੜੀ ਨੇ ਦੱਸਿਆ ਕਿ ਉਸ ਦਾ ਵਿਆਹ 9 ਅਕਤੂਬਰ 2017 ਨੂੰ ਕੰਵਰਦਵਿੰਦਰ ਕੌਰ ਨਿਵਾਸੀ ਨੇਹਿਆਂਵਾਲਾ ਨਾਲ ਹੋਇਆ ਸੀ। ਉਹ ਸਟਡੀ ਵੀਜ਼ਾ 'ਤੇ ਨਿਊਜ਼ੀਲੈਂਡ ਜਾਣਾ ਚਾਹੁੰਦੀ ਸੀ। ਪਰਿਵਾਰ ਦੀ ਸਹਿਮਤੀ ਨਾਲ ਮਨਦੀਪ ਨੇ ਕਰੀਬ 21 ਲੱਖ ਰੁਪਏ ਖਰਚ ਕਰਕੇ ਪਤਨੀ ਕੰਵਰਦਵਿੰਦਰ ਕੌਰ ਨੂੰ ਇਸ ਸਾਲ 4 ਫਰਵਰੀ ਨੂੰ ਸਟਡੀ ਵੀਜ਼ਾ 'ਤੇ ਨਿਊਜ਼ੀਲੈਂਡ ਭੇਜ ਦਿੱਤਾ। ਮਨਦੀਪ ਦਾ ਵੱਡਾ ਭਰਾ ਮਨਪ੍ਰ੍ਰੀਤ ਸਿੰਘ ਅਤੇ ਭਾਬੀ ਸਿੰਬਲਜੀਤ ਕੌਰ ਪਹਿਲਾਂ ਤੋਂ ਹੀ ਨਿਊਜ਼ੀਲੈਂਡ ਵਿਚ ਰਹਿ ਰਹੇ ਹਨ। ਕੰਵਰਦਵਿੰਦਰ ਨੇ ਨਿਊਜ਼ੀਲੈਂਡ ਪਹੁੰਚਦੇ ਹੀ ਆਪਣੀ ਰਹਾਇਸ਼ ਬਦਲ ਲਈ। ਜਦੋਂ ਭਰਾ-ਭਾਬੀ ਨੇ ਮਕਾਨ ਬਦਲਣ ਬਾਰੇ ਪੁੱਛਿਆ ਤਾਂ ਉਸ ਨੇ ਉਨ੍ਹਾਂ 'ਤੇ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ। ਉਸ ਨੇ ਕਿਹਾ, ਹੁਣ ਉਸ ਨੇ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹੈ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਹ ਵੀ ਉਸ ਨੂੰ ਤੰਗ ਕਰੇਗਾ ਤਾਂ ਉਹ ਉਸ 'ਤੇ ਵੀ ਕੇਸ ਦਰਜ ਕਰਵਾ ਦੇਵੇਗੀ। ਇਸ ਤੋਂ ਬਾਅਦ ਉਸ ਨੇ ਮਨਦੀਪ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।

ਮਨਦੀਪ ਨੇ ਦੱਸਿਆ ਕਿ ਸਹੁਰਾ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਪਸ਼ਟ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਨੇ ਐਸ.ਐਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਡੀ.ਐਸ.ਪੀ. ਭੁਚੋ ਨੂੰ ਦਿੱਤੀ ਗਈ। ਪੁਲਸ ਨੇ ਕੰਵਰਦਵਿੰਦਰ ਕੌਰ ਅਤੇ ਜਗਜੀਤ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

cherry

This news is Content Editor cherry