ਗਊਆਂ ਦੀ ਸੰਭਾਲ ਨਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੇਸ ਦਰਜ

06/04/2019 9:23:54 AM

ਬਠਿੰਡਾ (ਪਰਮਿੰਦਰ) : ਮਹਾਨਗਰ ਦੀਆਂ ਸੜਕਾਂ 'ਤੇ ਘੁੰਮਦੇ ਗਊ ਵੰਸ਼ ਨੂੰ ਲੈ ਕੇ ਬਠਿੰਡਾ ਦੇ 2 ਵਕੀਲਾਂ ਨੇ ਪੰਜਾਬ ਸਰਕਾਰ ਖਿਲਾਫ ਅਦਾਲਤ 'ਚ ਮਾਮਲਾ ਦਰਜ ਕੀਤਾ ਹੈ। ਇਸ ਸਬੰਧ 'ਚ ਵਕੀਲਾਂ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਤੈਅ ਕੀਤੀ ਗਈ ਹੈ।

ਬਠਿੰਡਾ ਦੇ ਐਡਵੋਕੇਟ ਮੁਨੀਸ਼ ਕੁਮਾਰ ਗਰਗ ਅਤੇ ਐਡਵੋਕੇਟ ਬ੍ਰਜੇਸ਼ ਗ੍ਰਾਹਵਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗਊਆਂ ਦੀ ਸੰਭਾਲ ਲਈ ਲੋਕਾਂ ਤੋਂ ਵੱਡੇ ਪੱਧਰ 'ਤੇ ਗਊ ਸੈੱਸ ਦੀ ਵਸੂਲੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਗਊਆਂ ਦੀ ਇਸ ਸਮੱਸਿਆ ਤੋਂ ਰਾਹਤ ਨਹੀਂ ਦਿਵਾਈ ਜਾ ਰਹੀ। ਗਊ ਸੈੱਸ ਦੇ ਤੌਰ 'ਤੇ ਇਕੱਠੇ ਹੋ ਰਹੇ ਫੰਡ ਨੂੰ ਉਚਿਤ ਜਗ੍ਹਾ 'ਤੇ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਜਿਸ ਕਾਰਣ ਇਹ ਸਮੱਸਿਆ ਦਿਨ-ਪ੍ਰਤੀ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ 'ਤੇ ਇਹ ਗਊਆਂ ਅਤੇ ਸਾਨ੍ਹ ਹਾਦਸਿਆਂ ਦਾ ਕਾਰਣ ਬਣ ਰਹੇ ਹਨ ਅਤੇ ਨਿੱਤ ਹਾਦਸਿਆਂ 'ਚ ਕੀਮਤੀ ਜ਼ਿੰਦਗੀਆਂ ਜਾ ਰਹੀਆਂ ਹਨ। ਬਠਿੰਡਾ-ਗੋਨਿਆਣਾ ਰੋਡ, ਬਠਿੰਡਾ-ਮਾਨਸਾ ਰੋਡ ਅਤੇ ਡੱਬਵਾਲੀ ਰੋਡ ਆਦਿ ਜਿਹੀਆਂ ਪ੍ਰਮੁੱਖ ਸੜਕਾਂ 'ਤੇ ਇਨ੍ਹਾਂ ਜਾਨਵਰਾਂ ਦੇ ਝੁੰਡ ਘੁੰਮਦੇ ਰਹਿੰਦੇ ਹਨ, ਜੋ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਇਸ ਸਬੰਧ 'ਚ ਸਰਕਾਰ ਖਿਲਾਫ ਬਠਿੰਡਾ ਦੀ ਅਦਾਲਤ 'ਚ ਮਾਮਲਾ ਦਾਇਰ ਕੀਤਾ ਗਿਆ ਹੈ। ਉਕਤ ਕੇਸ ਦੀ ਸੁਣਵਾਈ 1 ਜੁਲਾਈ ਨੂੰ ਮਾਣਯੋਗ ਸਿਵਲ ਜੱਜ (ਜੇ. ਡੀ.) ਸਚਿਨ ਬੱਬਰ ਦੀ ਅਦਾਲਤ 'ਚ ਹੋਵੇਗੀ। ਇਸ ਸਬੰਧ 'ਚ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤੇ ਗਏ ਹਨ।

cherry

This news is Content Editor cherry