''ਆਪ'' ਉਮੀਦਵਾਰ ਨੇ ਵੋਟਾਂ ''ਚ ਫਾਇਦਾ ਲੈਣ ਲਈ ਲਾਇਆ ਝੂਠਾ ਦੋਸ਼

05/13/2019 12:44:14 PM

ਬਠਿੰਡਾ (ਵਰਮਾ) : ਬਠਿੰਡਾ ਲੋਕ ਸਭਾ ਹਲਕੇ ਦੀ ਉਮੀਦਵਾਰ ਬਲਜਿੰਦਰ ਕੌਰ ਨੇ ਸ਼ਨੀਵਾਰ ਦੇਰ ਰਾਤ 11 ਵਜੇ ਹਾਜੀਰਤਨ ਚੌਕ 'ਤੇ ਹੋਈ ਕੁੱਟ-ਮਾਰ ਦਾ ਦੋਸ਼, ਕਾਂਗਰਸ ਤੇ ਅਕਾਲੀ ਵਰਕਰਾਂ 'ਤੇ ਲਾਇਆ ਤੇ ਧਰਨੇ 'ਤੇ ਬੈਠ ਗਈ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਭਾਰੀ ਗਿਣਤੀ 'ਚ ਪੁਲਸ ਪਹੁੰਚੀ, ਜਿਨ੍ਹਾਂ ਨੇ 'ਆਪ' ਉਮੀਦਵਾਰ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਲੋਕਾਂ 'ਤੇ ਕੁੱਟ-ਮਾਰ ਕਰਨ ਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪੈਦਾ ਕਰਨ ਦਾ ਮਾਮਲਾ ਦਰਜ ਕੀਤਾ, ਤਾਂ ਜਾ ਕੇ ਧਰਨਾ ਖਤਮ ਹੋਇਆ। ਬਾਅਦ 'ਚ ਪੁਲਸ ਨੇ ਰਾਜਾ ਸਿੰਘ ਅਤੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ।

ਪੁਲਸ ਹਿਰਾਸਤ 'ਚ ਦੋਵੇਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਤੇ ਮੁਹੱਲਾ ਵਾਸੀਆਂ ਨੇ ਅੱਜ ਦੋਸ਼ ਲਾਇਆ ਕਿ 'ਆਪ' ਉਮੀਦਵਾਰ ਬਲਜਿੰਦਰ ਕੌਰ ਆਪਣੇ ਕਾਫਿਲੇ 'ਤੇ ਹਮਲਾ ਕਰਨ ਦਾ ਡਰਾਮਾ ਕਰਕੇ ਰਾਜਨੀਤਕ ਫਾਇਦਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਨੇ ਮੁੰਡਿਆਂ ਨਾਲ ਉਨ੍ਹਾਂ ਦੀ ਮੁਲਾਕਾਤ ਤਕ ਨਹੀਂ ਕਰਵਾਈ।

ਐਤਵਾਰ ਆਮ ਆਦਮੀ ਪਾਰਟੀ ਦੇ ਆਗੂ ਨਵਦੀਪ ਸਿੰਘ ਜੀਦਾ ਜਦੋਂ ਸ਼ਨੀਵਾਰ ਦੇਰ ਰਾਤ ਹੋਈ ਘਟਨਾ ਨੂੰ ਲੈ ਕੇ ਪ੍ਰੈੱਸ ਕਾਨਫਰੰਸ 'ਚ ਪਹੁੰਚੇ ਤਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਆਪਣੀ ਹੀ ਗੱਲ ਨੂੰ ਮੁੱਖ ਰੱਖ ਕੇ ਗੱਲ ਕਰਦੇ ਰਹੇ। ਨੌਜਵਾਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਵੀ ਜੀਦਾ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਰਾਠੌੜ ਭਾਈਚਾਰੇ ਨੇ 'ਆਪ' ਦਾ ਬਾਈਕਾਟ ਕਰਨ ਦਾ ਕੀਤਾ ਐਲਾਨ
ਰਾਠੌੜ ਭਾਈਚਾਰੇ ਨਾਲ ਸਬੰਧਤ ਰਮਨਦੀਪ ਸਿੰਘ ਨੇ ਕਿਹਾ ਕਿ ਆਪ ਉਮੀਦਵਾਰ ਦੋਵੇਂ ਨੌਜਵਾਨਾਂ ਨੂੰ ਝੂਠੇ ਕੇਸ 'ਚ ਫਸਾ ਕੇ ਰਾਜਨੀਤਕ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਗੱਲ ਨੂੰ ਲੈ ਕੇ ਰਮਨਦੀਪ ਨੇ 'ਆਪ' ਆਗੂ ਨਵਦੀਪ ਜੀਦਾ ਦੇ ਸਾਹਮਣੇ ਰਾਠੌੜ ਭਾਈਚਾਰੇ ਵੱਲੋਂ 'ਆਪ' ਦਾ ਪੂਰੇ ਪੰਜਾਬ ਵਿਚ ਬਾਈਕਾਟ ਕਰਨ ਦਾ ਐਲਾਨ ਕੀਤਾ। ਸ਼ਨੀਵਾਰ ਦੇਰ ਰਾਤ ਹੋਈ ਘਟਨਾ ਨੂੰ ਲੈ ਕੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਮੀਡੀਆ ਸਾਹਮਣੇ ਪੇਸ਼ ਕੀਤੀ ਗਈ ਸੀ. ਸੀ. ਟੀ. ਵੀ. ਫੁਟੇਜ ਬਾਰੇ ਜਦੋਂ 'ਆਪ' ਉਮੀਦਵਾਰ ਬਲਜਿੰਦਰ ਕੌਰ ਨਾਲ ਗੱਲ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੀ. ਏ. ਕੇਵਲ ਸਿੰਘ ਨੇ ਕਿਹਾ ਕਿ ਮੈਡਮ ਅਜੇ ਆਰਾਮ ਕਰ ਰਹੇ ਹਨ।

ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਥਾਣਾ ਸਿਵਲ ਲਾਈਨ ਦੇ ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਪੁਲਸ ਨੇ ਦੋ ਅਣਪਛਾਤੇ ਲੋਕਾਂ ਵਿਰੁੱਧ ਬਲਜਿੰਦਰ ਕੌਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਵੇਗੀ, ਜੋ ਵੀ ਸੱਚਾਈ ਹੋਵੇਗੀ, ਉਸੇ ਤਹਿਤ ਕਾਰਵਾਈ ਹੋਵੇਗੀ।

cherry

This news is Content Editor cherry