ਬਟਾਲਾ : ਸ਼ੱਕੀ ਹਾਲਾਤ 'ਚ ਨੌਜਵਾਨ ਦੀ ਲਾਸ਼ ਬਰਾਮਦ

08/19/2018 4:29:03 PM

ਬਟਾਲਾ (ਬੇਰੀ,ਵਿਨੋਦ) : ਪਿੰਡ ਬੂੜੇਨੰਗਲ ਸਥਿਤ ਸਕੂਲ ਦੇ ਨੇੜਿਓ ਸ਼ੱਕੀ ਹਾਲਤ 'ਚ ਗੰਨੇ ਦੇ ਖੇਤ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ।ਇਸ ਸਬੰਧੀ ਮ੍ਰਿਤਕ ਦੇ ਜੀਜਾ ਰਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਹਿਤਾ ਅਤੇ ਪਤਨੀ ਸਰਬਜੀਤ ਕੌਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜੋਗਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚਾਹਲ ਕਲਾਂ ਜੋ ਕਿ ਉਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਪਾਵਰਕਾਮ ਕੰਪਨੀ 'ਚ ਨੌਕਰੀ ਕਰਦਾ ਸੀ, ਬੀਤੀ 17 ਅਗਸਤ ਨੂੰ ਜਦੋਂ ਉਹ ਪਿੰਡ ਛੁੱਟੀ ਆ ਰਿਹਾ ਸੀ ਤਾਂ ਅੱਚਲ ਸਾਹਿਬ ਅੱਡੇ ਤੋਂ ਕੁਝ ਅਣਪਛਾਤੇ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਏ।ਇਸ ਉਪਰੰਤ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਜੋਗਿੰਦਰਪਾਲ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕੁਝ ਪਤਾ ਨਾ ਲੱਗਾ। ਅੱਜ ਸਵੇਰੇ ਪਿੰਡ ਬੂੜੇਨੰਗਲ ਸਕੂਲ ਦੇ ਨੇੜੇ ਸਥਿਤ ਖੇਤਾਂ 'ਚੋਂ ਉਕਤ ਨੌਜਵਾਨ ਦੀ ਲਾਸ਼ ਮਿਲੀ ਤਾਂ ਤੁਰੰਤ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਕ੍ਰਿਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈਣ ਦੇ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੇ ਅੱਚਲ ਸਾਹਿਬ ਅੱਡੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਅਕਾਲੀ ਆਗੂ ਮੰਗਲ ਸਿੰਘ ਨੇ ਕਤਲ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਐੱਸ. ਐੱਚ. ਓ. ਹਰਕ੍ਰਿਸ਼ਨ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸੰਬੰਧਤ ਕਥਿਤ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੋਣਗੇ।