ਬਟਾਲਾ ਸ਼ਹਿਰ ਨੂੰ ਦਿੱਤਾ ਜਾਵੇਗਾ ਨਗਰ ਨਿਗਮ ਦਾ ਦਰਜਾ : ਜਾਖੜ

02/10/2019 5:31:28 PM

ਬਟਾਲਾ (ਸਾਹਿਲ) : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੇ ਨਗਰ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇਗਾ। ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁੱਦਾ ਵਿਚਾਰਿਆ ਹੈ ਅਤੇ ਛੇਤੀ ਹੀ ਮੁੱਖ ਮੰਤਰੀ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਫਗਵਾੜਾ, ਹੁਸ਼ਿਆਰਪੁਰ ਅਤੇ ਪਠਾਨਕੋਟ ਸ਼ਹਿਰ ਨਗਰ ਨਿਗਮ ਬਣ ਸਕਦੇ ਹਨ ਤਾਂ ਬਟਾਲਾ ਵੀ ਨਗਰ ਨਿਗਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੇ ਨਗਰ ਨਿਗਮ ਬਣਨ ਨਾਲ ਇਸਦੀ ਆਮਦਨ ਦੇ ਸਰੋਤਾਂ 'ਚ ਵਾਧਾ ਹੋਵੇਗਾ ਅਤੇ ਸਰਕਾਰ ਕੋਲੋਂ ਵੀ ਇਥੇ ਵੱਧ ਗ੍ਰਾਂਟਾਂ ਆਉਣਗੀਆਂ, ਜਿਸ ਨਾਲ ਸ਼ਹਿਰ ਦਾ ਵਿਕਾਸ ਸੰਭਵ ਹੋ ਸਕੇਗਾ।

ਬਟਾਲਾ ਸ਼ਹਿਰ ਦੀ ਹਾਲਤ ਉੱਪਰ ਚਿੰਤਾ ਜਾਹਿਰ ਕਰਦਿਆਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇਤਿਹਾਸਕ ਸ਼ਹਿਰ ਨੂੰ ਮਾੜੀ ਹਾਲਤ 'ਚੋਂ ਬਾਹਰ ਕੱਢਣ ਲਈ ਯਤਨ ਆਰੰਭ ਚੁੱਕੀ ਹੈ ਅਤੇ ਛੇਤੀ ਹੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬਟਾਲਾ ਸ਼ਹਿਰ 'ਚ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 110 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਹੈ ਅਤੇ ਆਉਂਦੇ 10 ਦਿਨਾਂ ਦੇ 'ਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਬਟਾਲਾ ਪਹੁੰਚ ਕੇ ਸੀਵਰੇਜ ਦੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ 11 ਫਰਵਰੀ ਨੂੰ ਸੀਵਰੇਜ ਬੋਰਡ ਦੇ ਸੀ.ਈ.ਓ. ਅਜੇ ਸ਼ਰਮਾਂ ਬਟਾਲਾ ਸ਼ਹਿਰ ਦਾ ਦੌਰਾ ਕਰਕੇ ਸਮੁੱਚੇ ਹਾਲਾਤ ਦਾ ਜਾਇਜਾ ਲੈ ਕੇ ਸਰਕਾਰ ਨੂੰ ਰਿਪੋਰਟ ਕਰਨਗੇ। ਬਟਾਲਾ ਸ਼ਹਿਰ 'ਚ 8 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਵਿਸ਼ਵਾ ਮਿੱਤਰ ਸੇਖੜੀ ਮਾਰਗ ਸਮੇਤ ਹੋਰ ਪ੍ਰਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਬਟਾਲਾ ਸ਼ਹਿਰ ਦੇ ਰਹਿੰਦੇ ਵਿਕਾਸ ਲਈ ਹੋਰ ਵੀ ਗ੍ਰਾਂਟ ਸੂਬਾ ਸਰਕਾਰ ਵਲੋਂ ਭੇਜੀ ਜਾ ਰਹੀ ਹੈ। ਸ਼ਹਿਰ 'ਚ ਕੀਤੇ ਜਾਣ ਵਾਲੇ ਵਿਕਾਸ ਦੀ ਨਿਗਰਾਨੀ ਲਈ ਸ਼ਹਿਰ ਵਾਸੀਆਂ ਦੀ ਇਕ ਮਾਨੀਟਰਿੰਗ ਕਮੇਟੀ ਬਣਾਈ ਜਾਵੇਗੀ ਜੋ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਕੰਮ ਦੀ ਗੁਣਵਤਾ ਦੀ ਨਿਗਰਾਨੀ ਕਰੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਬਟਾਲਾ ਸ਼ਹਿਰ ਦੀ ਤਰਸਯੋਗ ਹਾਲਤ ਲਈ ਅਕਾਲੀ-ਭਾਜਪਾ ਸਰਕਾਰ ਦਾ 10 ਸਾਲਾ ਸ਼ਾਸਨ ਜਿੰਮੇਵਾਰ ਹੈ, ਜਿਨ੍ਹਾਂ ਨੇ ਪੂਰਾ ਇੱਕ ਦਹਾਕਾ ਇਸ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਨੂੰ ਪੂਰੀ ਤਰਾਂ ਅਣਗੌਲੀ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸ਼ਹਿਰ ਦੀ ਹਾਲਤ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਸੁਧਾਰ ਦਾ ਬੀੜਾ ਚੁੱਕਿਆ ਹੈ। ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੇ ਸ਼ਹਿਰ ਨੂੰ ਵਿਕਾਸ ਪੱਖੋਂ ਪਿਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਸ਼ਹਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਟਾਲਾ ਦੇ ਵਿਕਾਸ ਵਿੱਚ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦੇਵੇਗੀ। ਉਨ੍ਹਾਂ ਦੇ ਯਤਨਾ ਸਦਕਾ ਟਰੇਨ ਨੰਬਰ 19415/19416 ਅਹਿਮਦਾਬਾਦ-ਸ੍ਰੀ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈਸ ਹੁਣ ਬਟਾਲਾ ਜੰਕਸ਼ਨ ਉੱਪਰ ਵੀ ਰੁਕਿਆ ਕਰੇਗੀ। ਰੇਲਵੇ ਮੰਤਰੀ ਨੇ ਉਨ੍ਹਾਂ ਨੂੰ ਇਹ ਲਿਖਤੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਦਾ ਬਿਜਲੀਕਰਨ ਵੀ ਕੀਤਾ ਜਾ ਰਿਹਾ ਹੈ ਜੋ ਇਸ ਸਾਲ ਮਾਰਚ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਰੇਲਵੇ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਜੂਨ ਅਤੇ ਦਸੰਬਰ ਮਹੀਨੇ ਦੀਆਂ ਸਕੂਲੀ ਛੁੱਟੀਆਂ ਸਮੇਂ ਬਟਾਲਾ ਤੋਂ ਵੈਸ਼ਨੋ ਦੇਵੀ ਲਈ ਮਹੀਨਾ ਭਰ ਰੋਜ਼ਾਨਾ ਵਿਸ਼ੇਸ਼ ਗੱਡੀ ਚਲਾਈ ਜਾਵੇ ਤਾਂ ਜੋ ਬੱਚੇ ਅਤੇ ਹੋਰ ਸ਼ਰਧਾਲੂ ਪਾਵਨ ਤੀਰਥ ਦੇ ਦਰਸ਼ਨ ਕਰ ਸਕਣ।
 

Baljeet Kaur

This news is Content Editor Baljeet Kaur