ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨ ਗ੍ਰਿਫ਼ਤਾਰ

08/04/2019 5:22:48 PM

ਬਟਾਲਾ (ਬੇਰੀ, ਗੁਰਪ੍ਰੀਤ) : ਥਾਣਾ ਸਿਟੀ ਦੀ ਪੁਲਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਤੇ ਡੀ. ਐੱਸ. ਪੀ. ਸਿਟੀ ਬੀ. ਕੇ. ਸਿੰਗਲਾ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ। ਇਸੇ ਲੜੀ ਤਹਿਤ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਐੱਸ. ਆਈ. ਹਰਜੀਤ ਸਿੰਘ ਵਲੋਂ ਸਾਥੀ ਕਰਮਚਾਰੀਆਂ ਸਮੇਤ ਟਿਪਟਾਪ ਚੌਕ ਬਟਾਲਾ ਅਤੇ ਏ. ਐੱਸ. ਆਈ. ਜਰਮਨਜੀਤ ਸਿੰਘ ਵਲੋਂ ਸਾਥੀਆਂ ਸਮੇਤ ਸੁੱਖਾ ਸਿੰਘ ਚੌਕ ਲਾਗੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਪਾਰਟੀ ਵਲੋਂ ਵੱਖ-ਵੱਖ ਥਾਵਾਂ ਤੋਂ ਜਤਿੰਦਰ ਕੁਮਾਰ ਉਰਫ ਸੋਨੂੰ ਵਾਸੀ ਗਾਂਧੀ ਕੈਂਪ ਬਟਾਲਾ, ਅਮਰਜੀਤ ਸਿੰਘ ਵਾਸੀ ਟੈਂਕੀ ਵਾਲੀ ਗਲੀ ਬਟਾਲਾ, ਭੁਪਿੰਦਰ ਸਿੰਘ ਉਰਫ ਟਿੰਕੂ ਵਾਸੀ ਫੱਜੂਪੁਰ, ਬੌਬੀ ਉਰਫ ਸਾਬੀ ਵਾਸੀ ਮਾਸਟਰ ਕਾਲੋਨੀ ਨੇੜੇ ਰੇਲਵੇ ਸਟੇਸ਼ਨ ਧਾਰੀਵਾਲ ਨੂੰ ਦੋ ਪਲਸਰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। 

ਐੱਸ. ਐੱਸ. ਓ. ਸਿਟੀ ਨੇ ਅੱਗੇ ਦੱਸਿਆ ਕਿ ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਹੈ ਕਿ ਉਹ ਕਾਫੀ ਸਮੇਂ ਤੋਂ ਗੈਂਗ ਬਣਾ ਕੇ ਬਟਾਲਾ ਸ਼ਹਿਰ ਅਤੇ ਆਸਪਾਸ ਦੇ ਇਲਾਕੇ 'ਚ ਕਰੀਬ 15 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਇਹ ਵੀ ਮੰਨਿਆ ਹੈ ਕਿ ਇਨ੍ਹਾਂ ਦਾ ਮੁੱਖ ਟਾਰਗੇਟ ਕੁੜਤੇ ਪਜਾਮੇ ਵਾਲੇ ਵਿਅਕਤੀ ਹੁੰਦੇ ਸਨ ਅਤੇ ਇਹ ਮੌਕਾ ਵੇਖ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਇਹ ਹੋਰਨਾਂ ਵਿਅਕਤੀਆਂ ਦੀ ਜੇਬ ਝਪਟ ਕੇ ਖਿੱਚ ਕੇ ਲੈ ਜਾਂਦੇ ਸਨ। ਐੱਸ. ਐੱਚ. ਓ. ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਚੋਰੀ ਦੇ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਵਿਖੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Baljeet Kaur

This news is Content Editor Baljeet Kaur