ਬਾਜਵਾ ਨੂੰ ਸੇਖੜੀ ਦੇ ਤਿੱਖੇ ਸਵਾਲ, ਕਿਹਾ- ਕਿਸ ਦੀ ਜੇਬ ''ਚ ਜਾ ਰਿਹੈ ਇਹ ਪੈਸਾ

01/20/2020 9:41:05 AM

ਬਟਾਲਾ (ਬੇਰੀ) : ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ਦੇ ਘਰਾਂ 'ਤੇ ਪੱਥਰ ਨਹੀਂ ਮਾਰਦੇ। ਇਹ ਗੱਲ ਆਪਣੇ ਗ੍ਰਹਿ ਸੇਖੜੀ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਪੰਜਾਬ ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਮੋੜਵਾਂ ਵਾਰ ਕਰਦਿਆਂ ਕਹੀ। ਸੇਖੜੀ ਨੇ ਕਿਹਾ ਕਿ ਕੈਬਨਿਟ ਮੰਤਰੀ ਬਾਜਵਾ ਆਪਣੇ ਢੰਗ ਨਾਲ ਨਗਰ ਨਿਗਮ ਨੂੰ ਚਲਾਉਣ ਦੀ ਗੱਲ ਕਰਦੇ ਹਨ ਤਾਂ ਉਹ ਇਹ ਦੱਸਣ ਕਿ ਜੋ ਟੈਂਡਰ ਪਿਛਲੇ 10-12 ਸਾਲਾਂ ਤੋਂ ਮਾਈਨਸ 20 ਜਾਂ 25 ਫੀਸਦੀ 'ਤੇ ਅਲਾਟ ਹੁੰਦੇ ਸਨ, ਉਹ ਹੁਣ ਪੂਲ ਹੋਣ ਦੇ ਬਾਅਦ ਮਾਈਨਸ 2 ਤੋਂ 5 ਫੀਸਦੀ ਅਲਾਟ ਕਿਉਂ ਹੋ ਰਹੇ ਹਨ ਅਤੇ ਵਿਚਲਾ 20 ਫੀਸਦੀ ਕਿੱਥੇ ਜਾ ਰਿਹਾ ਹੈ?

ਸੇਖੜੀ ਨੇ ਕੈਬਨਿਟ ਮੰਤਰੀ ਤੋਂ ਸਵਾਲ ਪੁੱਛਿਆ ਕਿ ਨਗਰ ਨਿਗਮ ਜਿਸ ਦਾ ਕੂੜਾ ਚੁੱਕਣ ਦਾ ਟੈਂਡਰ 3 ਕਰੋੜ ਰੁਪਏ ਸਾਲਾਨਾ ਹੈ ਅਤੇ ਗੱਡੀਆਂ ਵਿਚ ਪਾਇਆ ਜਾਣ ਵਾਲਾ 50 ਲੱਖ ਦਾ ਡੀਜ਼ਲ ਵੀ ਉਸ ਵਿਚੋਂ ਹੀ ਪਾਇਆ ਜਾਂਦਾ ਸੀ ਪਰ ਹੁਣ ਵੱਖਰਾ ਪਾਇਆ ਜਾ ਰਿਹਾ ਹੈ ਤਾਂ ਉਹ 50 ਲੱਖ ਕਿਸ ਦੀ ਜੇਬ ਵਿਚ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ 10 ਸਾਲਾ ਦਾ ਨਗਰ ਨਿਗਮ ਦਾ ਰਿਕਾਰਡ ਕਢਵਾਏ ਅਤੇ ਵਿਜੀਲੈਂਸ ਦੇ ਕਿਸੇ ਉੱਚ ਅਧਿਕਾਰੀ ਤੋਂ ਇਸ ਦੀ ਜਾਂਚ ਕਰਵਾਏ ਅਤੇ ਜੋ ਵੀ ਦੋਸ਼ੀ ਪਾਇਆ ਜਾਵੇ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਸੇਖੜੀ ਨੇ ਕਿਹਾ ਕਿ ਜੋ ਸੜਕਾਂ ਹੁਣ ਬਣੀਆਂ ਹਨ, ਉਹ ਟੁੱਟ ਗਈਆਂ ਹਨ ਅਤੇ ਸਰਕਾਰ ਨੂੰ ਇਨ੍ਹਾਂ ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ। ਜੋ ਨੀਂਹ ਪੱਥਰ ਮੁੱਖ ਮੰਤਰੀ ਵੱਲੋਂ ਬਟਾਲਾ ਆਗਮਨ ਦੌਰਾਨ ਰੱਖਿਆ ਗਿਆ ਸੀ, ਉਸ ਵੱਲ ਜਾਂਦੀਆਂ ਸੜਕਾਂ 'ਤੇ ਵੀ ਵੱਡੇ-ਵੱਡ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬਾਜਵਾ ਤਾਂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛ-ਪੁੱਛ ਕੇ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਬਾਜਵਾ ਵਿਰੁੱਧ ਕਾਰਵਾਈ ਕਰੇ। ਇਸ ਸਮੇਂ ਅਜੇ ਮਹਾਜਨ ਸਕੱਤਰ ਪ੍ਰਦੇਸ਼ ਕਮੇਟੀ, ਸ਼ਕਤੀ ਮਹਾਜਨ ਆਲ ਇੰਡੀਆ ਬਜੋਤਰਾ ਮਹਾਜਨ ਸਭਾ, ਰਾਣੂ ਸੇਖੜੀ, ਨਰਿੰਦਰ ਸੇਖੜੀ, ਅਨਿਲ ਕੁਮਾਰ ਬੱਬੀ ਸੇਖੜੀ, ਭੋਲਾ ਪੁਰੀ, ਅਸ਼ਵਨੀ ਮਲਹੋਤਰਾ, ਜਸਪਾਲ ਗੁਰੂ ਰਾਮਦਾਸ ਫਾਊਂਡਰੀ, ਕਾਮਰੇਡ ਰਮੇਸ਼ ਕੁਮਾਰ, ਰਜਿੰਦਰ ਕੁਮਾਰ ਰਿਟਾ. ਇੰਸਪੈਕਟਰ, ਕੁਲਭੂਸ਼ਨ ਆਦਿ ਮੌਜੂਦ ਸਨ।

ਕੀ ਕਹਿਣਾ ਹੈ ਕੈਬਨਿਟ ਮੰਤਰੀ ਬਾਜਵਾ ਦਾ
ਉਕਤ ਪ੍ਰੈੱਸ ਕਾਨਫਰੰਸ ਸਬੰਧੀ ਜਦ ਕੈਬਨਿਟ ਮੰਤਰੀ ਬਾਜਵਾ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਕਿਹਾ ਕਿ ਅਸ਼ਵਨੀ ਸੇਖੜੀ, ਬਿਕਰਮ ਮਜੀਠੀਆ ਦੇ ਵਿਰੁੱਧ ਸਬੂਤ ਦੇਣ ਤਾਂ ਉਹ ਪੂਰੀ ਕਾਰਵਾਈ ਸਰਕਾਰ ਤੋਂ ਕਰਵਾਉਣਗੇ। ਭ੍ਰਿਸ਼ਟਾਚਾਰ ਸਬੰਧੀ ਕਿਹਾ ਕਿ ਨਗਰ ਨਿਗਮ ਵਿਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਜੇਕਰ ਸੇਖੜੀ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਕਰਵਾ ਸਕਦੇ ਹਨ।

cherry

This news is Content Editor cherry