ਪਿਓ ਦੀ ਮੌਤ ਮਗਰੋਂ ਬੀਮਾਰ ਮਾਂ ਦੀ ਜ਼ਿੰਮੇਵਾਰੀ, ਘਰ ਚਲਾਉਣ ਲਈ ਅਖ਼ਬਾਰਾਂ ਵੰਡਦੀ ਹੈ ਇਹ ਕੁੜੀ (ਤਸਵੀਰਾਂ)

12/23/2021 3:46:39 PM

ਬਟਾਲਾ (ਗੁਰਪ੍ਰੀਤ) - ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਸਵੇਰ ਦੇ ਸਮੇਂ ਜੋ ਲੋਕ ਤੁਹਾਡੇ ਘਰ ’ਚ ਅਖਬਾਰਾਂ ਦੇਣ ਲਈ ਆਉਂਦੇ ਹਨ, ਉਹ ਮਰਦ ਹੁੰਦੇ ਹਨ। ਬਟਾਲਾ ਸ਼ਹਿਰ ਵਿਚ ਇਕ ਕੁੜੀ ਅਜਿਹੀ ਹੈ, ਜੋ ਸਵੇਰੇ 4 ਵਜੇ ਆਪਣੇ ਘਰੋਂ ਸਾਈਕਲ ’ਤੇ ਅਖ਼ਬਾਰਾਂ ਵੰਡਣ ਲਈ ਨਿਕਲਦੀ ਹੈ। ਉਹ ਕੁੜੀ ਅਖ਼ਬਾਰਾਂ ਦੇਣ ਕਰੀਬ 300 ਘਰਾਂ ਵਿੱਚ ਜਾਂਦੀ ਹੈ। ਉਸ ਦੇ ਪਿਤਾ ਦੀ ਹਾਦਸੇ ’ਚ ਮੌਤ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਕੋਈ ਕਮਾਉਣ ਵਾਲਾ ਨਹੀਂ। ਆਪਣਾ ਅਤੇ ਆਪਣੀ ਮਾਂ ਦਾ ਢਿੱਡ ਪਾਲਣ ਲਈ ਮਨਜੀਤ ਕੌਰ ਨੂੰ ਪਿਤਾ ਦਾ ਸਾਈਕਲ ਚਲਾ ਕੇ ਇਹ ਕੰਮ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਦਰਬਾਰ ਸਾਹਿਬ ਬੇਅਦਬੀ ਮਾਮਲਾ : ਮ੍ਰਿਤਕ ਦੇ ਉਂਗਲਾਂ ਦੇ ਨਿਸ਼ਾਨ ਅਤੇ DNA ਜਾਂਚ ਲਈ ਰੱਖੇ ਗਏ ਵਿਸ਼ੇਸ਼ ਅੰਗ

ਮਿਹਨਤੀ ਕੁੜੀ ਮਨਜੀਤ ਕੌਰ ਨਾਲ ਜਦੋਂ ਸਵੇਰੇ ਸਾਡੀ ਟੀਮ ਨੇ ਗਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਛੋਟੀ ਉਮਰ ਵਿੱਚ ਲੋਕਾਂ ਦੇ ਘਰਾਂ ’ਚ ਅਖ਼ਬਾਰਾਂ ਪਹੁੰਚਾਉਣ ਦਾ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾ ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਸੀ ਪਰ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਉਹ ਪਿਤਾ ਦਾ ਇਲਾਜ ਲੋਕਾਂ ਕੋਲੋਂ ਕਰਜ਼ਾ ਲੈ ਕੇ ਕਰਵਾਉਂਦੀ ਰਹੀ। ਉਸ ਨੇ ਦੱਸਿਆ ਕਿ ਸ਼ੁਰੂ ਵਿਚ ਉਸ ਨੂੰ ਸਮਾਜਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮੇਰੀ ਮਜਬੂਰੀ ਅਗੇ ਮੁਸ਼ਕਿਲਾਂ ਬਹੁਤ ਛੋਟੀਆਂ ਸਨ। ਘਰ ਕੋਈ ਕਮਾਉਣ ਵਾਲਾ ਨਹੀਂ ਸੀ। ਮੈਂ ਆਪਣੇ ਪਰਿਵਾਰ ਦਾ ਢਿੱਡ ਪਾਲਣ ਦੇ ਨਾਲ-ਨਾਲ ਪਿਤਾ ਦਾ ਇਲਾਜ ਵੀ ਕਰਵਾਉਣਾ ਸੀ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਉਸ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮੇਂ ਬਾਅਦ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਹ ਹੁਣ ਆਪਣੀ ਮਾਂ ਨਾਲ ਰਹਿੰਦੀ ਹੈ, ਜੋ ਜ਼ਿਆਦਾਤਰ ਬੀਮਾਰ ਰਹਿੰਦੇ ਹਨ। ਮਾਂ ਦੇ ਬੀਮਾਰ ਹੋਣ ਕਾਰਨ ਉਸ ਨੂੰ ਕੰਮ ਕਰਨਾ ਪੈਂਦਾ ਹੈ। ਸਰਦੀ ਗਰਮੀ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਲੋਕਾਂ ਦੀਆਂ ਗੱਲਾਂ ਨਾਲ ਉਸ ਨੂੰ ਕੋਈ ਫ਼ਰਕ ਪੈਂਦਾ ਹੈ। ਉਸ ਨੇ ਦੱਸਿਆ ਕਿ ਮੈਨੂੰ ਮੇਰੇ ਅਖ਼ਬਾਰਾਂ ਵਾਲੇ ਏਜੇਂਟ ਦਾ ਬਹੁਤ ਆਸਰਾ ਹੈ, ਜੋ ਮੇਰੀ ਬਹੁਤ ਮਦਦ ਕਰਦੇ ਹਨ। ਸਰਕਾਰੀ ਤੌਰ ’ਤੇ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ, ਉਲਟਾ ਮੇਰੀ ਮਾਂ ਦੀ ਵਿਧਵਾ ਪੈਨਸ਼ਨ ਕੱਟਕੇ ਰੱਖ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਮਨਜੀਤ ਨੇ ਕਿਹਾ ਕਿ ਕੰਮ ਕੋਈ ਵੱਡਾ-ਛੋਟਾ ਨਹੀਂ ਹੁੰਦਾ। ਕੰਮ ਉਹ ਕਰੋ ਜਿਸ ਨਾਲ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੋ। ਕਿਸੇ ਅੱਗੇ ਹੱਥ ਫੈਲਾਉਣ ਨਾਲੋਂ ਮਿਹਨਤ ਕਰਨੀ ਚਾਹੀਦੀ ਹੈ। ਇਸ ਸਬੰਧ ’ਚ ਅਖ਼ਬਾਰ ਦੇ ਏਜੇਂਟ ਦਾ ਕਹਿਣਾ ਹੈ ਕੇ ਮਨਜੀਤ ਉਨ੍ਹਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਹੈ। ਇਸ ਤੋਂ ਪਹਿਲਾਂ ਮਨਜੀਤ ਦੇ ਪਿਤਾ ਉਨ੍ਹਾਂ ਕੋਲ ਆਉਂਦੇ ਸਨ, ਜੋ ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਮਨਜੀਤ ਬਹੁਤ ਮਜਬੂਤ ਕੁੜੀ ਹੈ ਅਤੇ ਉਹ ਇਸਨੂੰ ਆਪਣੀ ਧੀ ਵਾਂਗ ਹੀ ਰੱਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਮਨਜੀਤ ਨੂੰ ਕੋਈ ਮੁਸ਼ਕਿਲ ਆਵੇ, ਤਾਂ ਉਹ ਹਮੇਸ਼ਾ ਉਸ ਦੇ ਨਾਲ ਖੜੇ ਰਹਿਣਗੇ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

 

rajwinder kaur

This news is Content Editor rajwinder kaur