ਬਾਜਵਾ ਨੇ ਧਮਾਕੇ ''ਚ ਮਰੇ ਵਿਅਕਤੀਆਂ ਦੇ ਵਾਰਸਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

09/21/2019 1:36:16 PM

ਬਟਾਲਾ (ਬੇਰੀ) : ਬੀਤੇ ਦਿਨੀਂ ਬਟਾਲਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਮਰੇ ਵਿਅਕਤੀਆਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵਲੋਂ ਮਾਲੀ ਇਮਦਾਦ ਦਿੱਤੀ ਗਈ ਹੈ। ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਥਾਨਕ ਐੱਸ. ਡੀ. ਐੱਮ. ਦਫ਼ਤਰ ਵਿਖੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਧਮਾਕੇ 'ਚ ਮਰੇ 24 ਵਿਅਕਤੀਆਂ 'ਚੋਂ 18 ਵਿਅਕਤੀਆਂ ਦੇ ਵਾਰਸਾਂ ਨੂੰ ਸ਼ੁੱਕਰਵਾਰ ਇਹ ਸਹਾਇਤਾ ਦਿੱਤੀ ਗਈ ਹੈ, ਜਦਕਿ ਬਾਕੀ ਵਾਰਸਾਂ ਸਬੰਧੀ ਪੜਤਾਲ ਚੱਲ ਰਹੀ ਹੈ। ਬਾਕੀ ਰਹਿੰਦੇ ਪੀੜਤ ਪਰਿਵਾਰਾਂ ਨੂੰ ਵੀ ਬਹੁਤ ਜਲਦੀ ਸਹਾਇਤਾ ਰਾਸ਼ੀ ਦੇ ਇਹ ਚੈੱਕ ਦੇ ਦਿੱਤੇ ਜਾਣਗੇ। ਜ਼ਖਮੀਆਂ ਨੂੰ ਸਰਕਾਰ ਵਲੋਂ ਐਲਾਨੀ ਵਿੱਤੀ ਸਹਾਇਤਾ ਅਗਲੇ ਹਫਤੇ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਬਾਜਵਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ 'ਚ ਜੋ ਲੋੜਵੰਦ ਪਰਿਵਾਰ ਹਨ ਉਨ੍ਹਾਂ ਦੇ ਸਸਤੇ ਆਟਾ-ਦਾਲ ਦੇ ਕਾਰਡ ਬਣਾਏ ਗਏ ਹਨ, ਵਿਧਵਾ ਅਤੇ ਬੇਸਹਾਰਾ ਨੂੰ ਪੈਨਸ਼ਨਾਂ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀਆਂ ਧੀਆਂ ਅਤੇ ਔਰਤਾਂ ਨੂੰ ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵਲੋਂ ਮੁਫ਼ਤ ਸਿਲਾਈ ਕਢਾਈ, ਬਿਊਟੀ ਪਾਰਲਰ ਅਤੇ ਕੰਪਿਊਟਰ ਕੋਰਸ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਸ਼ਹਿਰ ਦੇ ਕੁਝ ਸਕੂਲਾਂ ਵਲੋਂ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਮੁਫਤ ਪੜ੍ਹਾਈ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਯੋਗ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੇਲੇ ਰਾਹੀਂ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਇਸ ਹਾਦਸੇ 'ਚ ਜੋ ਵਿਅਕਤੀ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਵੀ ਸਰਕਾਰ ਵਲੋਂ ਐਲਾਨੀ ਵਿੱਤੀ ਸਹਾਇਤਾ ਬਹੁਤ ਜਲਦੀ ਦੇ ਦਿੱਤੀ ਜਾਵੇਗੀ।

ਪੀੜਤ ਪਰਿਵਾਰਾਂ ਨੂੰ ਚੈੱਕ ਦੇਣ ਮੌਕੇ ਬਾਜਵਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ, ਐੱਸ. ਡੀ. ਐੱਮ. ਬਟਾਲਾ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਗੁਰਦਾਸਪੁਰ ਰਮਨ ਕੋਛੜ, ਡੀ. ਡੀ. ਪੀ. ਓ. ਲਖਵਿੰਦਰ ਸਿੰਘ ਰੰਧਾਵਾ, ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਵਰਿਆਮ ਸਿੰਘ, ਜਸਕਰਨ ਸਿੰਘ ਵੀ ਹਾਜ਼ਰ ਸਨ।

Baljeet Kaur

This news is Content Editor Baljeet Kaur