‘ਆਈ ਬਸੰਤ ਪਾਲਾ ਉਡੰਤ’

01/29/2020 10:43:36 AM

ਜਲੰਧਰ - ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ 6 ਰੁੱਤਾਂ ’ਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ। ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ ਅਤੇ ਇਸ ਦੌਰਾਨ ਕਈ ਥਾਈਂ ਮੇਲੇ ਵੀ ਲੱਗਦੇ ਹਨ। ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ’ਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ। ਮੌਸਮ ਬਦਲਣ ਨਾਲ ਠੰਢ ਦੇ ਝੰਬੇ ਰੁੱਖ-ਪੌਦੇ ਪੁੰਗਰਨ-ਪਲਰਨ ਲੱਗਦੇ ਹਨ। ਇਸ ਮੌਸਮ ’ਚ ਖੇਤਾਂ ’ਚ ਖਿੜੇ ਸਰ੍ਹੋਂ ਦੇ ਪੀਲੇ ਫੁੱਲ ਖੂਬਸੂਰਤੀ ਦਾ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਨੂੰ ਦੇਖ ਕੇ ਸਭ ਦਾ ਮਨ ਖਿੜ ਉੱਠਦਾ ਹੈ। 

ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਮੰਨੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ- ‘ਆਈ ਬਸੰਤ ਪਾਲਾ ਉਡੰਤ’। ਇਸ ਸੁਹਾਵਨੀ ਬਸੰਤ ਰੁੱਤ ’ਚ ਨਾ ਵਧੇਰੇ ਗਰਮੀ ਹੁੰਦੀ ਹੈ ਅਤੇ ਨਾ ਹੀ ਵਧੇਰੇ ਸਰਦੀ। ਇਸ ਰੁੱਤ ’ਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿਲ ਉੱਠਦੇ ਹਨ। ਚਾਰੇ ਪਾਸੇ ਫੁੱਲਾਂ ਦੀ ਬਹਾਰ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ। ਪੰਜਾਬ ’ਚ ਇਸ ਰੁੱਤ ਨਾਲ ਸਬੰਧਤ ਮੇਲਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਦਾ ਹੈ, ਜੋ ਇਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ। ਇਸ ਗੁਰਦੁਆਰਾ ਸਾਹਿਬ ’ਚ ਬਣੇ ਸਰੋਵਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਬੜੀ ਸ਼ਰਧਾ ਅਤੇ ਭਾਵਨਾ ਨਾਲ ਇਸ਼ਨਾਨ ਕਰਨ ਆਉਂਦੇ ਹਨ। ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ’ਚ ਵਧੇਰੇ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੇ ਲੋਕਾਂ ਵਲੋਂ ਪੀਲੇ ਰੰਗ ਦੇ ਕੱਪੜੇ ਪਾਏ ਜਾਂਦੇ ਹਨ। ਘਰ ’ਚ ਕਈ ਪਕਵਾਨ ਵੀ ਪੀਲੇ ਰੰਗ ਦੇ ਹੀ ਬਣਾਏ ਜਾਂਦੇ ਹਨ।

ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਰਿਵਾਜ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਇਸ ਦਿਨ ਹਰ ਥਾਂ ‘ਤੇ ਭਾਰੀ ਗਿਣਤੀ ’ਚ ਨੌਜਵਾਨ ਅਤੇ ਬੱਚੇ ਚਾਰੇ ਪਾਸੇ ਆਸਮਾਨ ’ਚ ਪਤੰਗ ਉਡਾਉਂਦੇ ਦਿਖਾਈ ਦਿੰਦੇ ਹਨ ਅਤੇ ਵੱਡੀਆਂ-ਵੱਡੀਆਂ ਸ਼ਰਤਾਂ ਲਗਾਉਂਦੇ ਹਨ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਪੰਜਾਬ ਸਮੇਤ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਂਰਾਸਟਰ ’ਚ ਹੈ। ਰਾਜਸਥਾਨ ’ਚ ਇਸ ਦਿਨ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਇਸ ਤੋਂ ਇਲਾਵਾ ਪੱਛਮੀ ਬੰਗਾਲ ’ਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਬਹੁਤ ਰਿਵਾਜ ਹੈ। ਬਸੰਤ ਪੱਚਮੀ ਵਾਲੇ ਦਿਨ ਹਿੰਦੂ ਧਰਮ ਦੇ ਲੋਕਾਂ ਵਲੋਂ ਬੜੇ ਉਤਸ਼ਾਹ ਨਾਲ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।

rajwinder kaur

This news is Content Editor rajwinder kaur