ਪੰਜਾਬ ’ਚ ਨਸ਼ਾ ਸਪਲਾਈ ਕਰਨ ਵਾਲੇ 2 ਮੁੱਖ ਸਪਲਾਇਰ ਗਾਜੀਆਬਾਦ ਤੋਂ ਗ੍ਰਿਫਤਾਰ

08/30/2019 5:27:49 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਜ਼ਿਲਾ ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿਚ ਲੱਖਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਦੋ ਮੁੱਖ ਸਪਲਾਇਰਾਂ ਨੂੰ ਯੂ. ਪੀ. ਦੇ ਗਾਜੀਆਬਾਦ ਤੋਂ 2 ਲੱਖ ਤੋਂ ਵੀ ਜ਼ਿਆਦਾ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਪਿਛਲੇ 35 ਦਿਨਾਂ ਤੋਂ ਬਰਨਾਲਾ ਪੁਲਸ ਨਸ਼ੇ ਦੀ ਸਪਲਾਈ ਦੀ ਚੈਨ ਤੋੜਣ ਵਿਚ ਲੱਗੀ ਹੋਈ ਸੀ। ਪਿਛਲੇ 35 ਦਿਨਾਂ ਵਿਚ ਪੁਲਸ ਨੂੰ 3 ਲੱਖ 53 ਹਜ਼ਾਰ 500 ਨਸ਼ੀਲੀਆਂ ਗੋਲੀਆਂ, 38400 ਨਸ਼ੀਲੇ ਕੈਪਸੂਲ, 193 ਨਸ਼ੀਲੀਆਂ ਸ਼ੀਸੀਆਂ, ਇਕ ਪਿਸਤੌਲ ਸਮੇਤ ਦੋ ਜਿੰਦਾ ਕਾਰਤੂਸ, ਤਿੰਨ ਗੱਡੀਆਂ, 6 ਲੱਖ 40 ਹਜਾਰ ਰੁਪਿਆਂ ਦੀ ਡਰੱਗ ਮਨੀ ਸਮੇਤ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਕਿ ਦੋ ਦੀ ਗਿਰਫਤਾਰੀ ਅਜੇ ਬਾਕੀ ਹੈ। ਪ੍ਰੈਸ ਕਾਨਫਰੰਸ ਕਰਦਿਆਂ ਐਸ. ਐਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ 24 ਜੁਲਾਈ ਨੂੂੰ ਥਾਣਾ ਸਦਰ ਬਰਨਾਲਾ ਵਿਚ ਗੋਬਿੰਦ ਸਿੰਘ ਵਾਸੀ ਧੁਗਾਟ ਜ਼ਿਲਾ ਪਟਿਆਲਾ ਅਤੇ ਬਲਕਾਰ ਸਿੰਘ ਵਾਸੀ ਸੰਗਰੂਰ ਵਿਰੁੱਧ ਕੇਸ ਦਰਜ ਕਰਕੇ ਬਲਕਾਰ ਸਿੰਘ ਨੂੰ ਗ੍ਰਿਫਤਾਰ ਕਰਕੇ 4 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਉਦੋਂ ਗੋਬਿੰਦ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਫਿਰ 18 ਅਗਸਤ ਨੂੰ ਥਾਣਾ ਟੱਲੇਵਾਲ ਵਿਚ ਇਕ ਕੇਸ ਦਰਜ ਕਰਕੇ 9500 ਨਸ਼ੀਲੀਆਂ ਗੋਲੀਆਂ ਤੇ 93 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਕੇ ਸਿਕੰਦਰ ਸਿੰਘ ਵਾਸੀ ਮਹਿਣਾ ਜ਼ਿਲਾ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਉਹ ਸ਼ਮਸ਼ਾਦ ਮੁਹੰਮਦ ਇਸਰਾਈਲ ਵਾਸੀ ਦਿੱਲੀ ਅਤੇ ਰਾਸ਼ਿਦ ਉਰਫ ਸੋਨੂੰ ਵਾਸੀ ਲੋਨੀ ਜ਼ਿਲਾ ਗਾਜੀਆਬਾਦ ਤੋਂ ਲੈ ਕੇ ਆਉਂਦਾ ਹੈ। ਜਿਸ ਤੋਂ ਬਾਅਦ ਇਸ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਅਤੇ ਅਦਾਲਤ ਵਿਚ ਇਨ੍ਹਾਂ ਦੋਵਾਂ ਦੇ ਵਰੰਟ ਵੀ ਹਾਸਲ ਕੀਤੇ ਗਏ।

ਗੋਬਿੰਦ ਦੀ ਗ੍ਰਿਫਤਾਰੀ ਮਗਰੋਂ ਪੁਲਸ ਪਹੁੰਚ ਸਕੀ ਮੇਨ ਸਪਲਾਈਰ ਤੱਕ 
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ. ਪੀ. ਡੀ.  ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਜਿਸ ਦਿਨ ਤੋਂ ਗੋਬਿੰਦ ਸਿੰਘ ਭੱਜਿਆ ਹੋਇਆ ਸੀ, ਉਦੋਂ ਤੋਂ ਪੁਲਸ ਉਸ ਦੇ ਪਿੱਛੇ ਲੱਗੀ ਹੋਈ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਵਾਸੀ ਕੱਲਰ ਭੈਣੀ ਜ਼ਿਲਾ ਪਟਿਆਲਾ, ਬਲਜੀਤ ਸਿੰਘ ਅਤੇ ਗੋਬਿੰਦ ਸਿੰਘ ਵਾਸੀ ਧੁਗਾਟ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਇਕ ਪਿਸਤੌਲ ਜਿਸ ਵਿਚ ਦੋ ਜਿੰਦਾ ਕਾਰਤੂਸ ਭਰੇ ਹੋਏ ਸਨ, ਉਹ ਵੀ ਬਰਾਮਦ ਕੀਤੇ ਗਏ। ਪੁਲਸ ਨੇ ਗੋਬਿੰਦ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਗੋਬਿੰਦ ਨੇ ਮੁੱਖ ਸਪਲਾਇਰ ਸ਼ਮਸ਼ਾਦ ਮੁਹੰਮਦ ਅਤੇ ਰਾਸ਼ੀਦ ਉਰਫ ਸੋਨੂੰ ਦਾ ਪੂਰਾ ਪਤਾ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਆਪਣੀ ਰਣਨੀਣੀ ਬਣਾਉਣੀ ਸ਼ੁਰੂ ਕਰ ਦਿੱਤੀ।

ਦੋਵਾਂ ਮੁੱਖ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਭੇਜੀਆਂ ਗਈਆਂ ਟੀਮਾਂ
ਦੋਵਾਂ ਮੁੱਖ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਨੇ ਤਿੰਨ ਟੀਮਾਂ ਦਾ ਗਠਨ ਕੀਤਾ। ਗਾਜੀਆਬਾਦ ਯੂ. ਪੀ. ਵਿਚ ਗੋਬਿੰਦ ਸਿੰਘ ਦੀ ਸ਼ਨਾਖਤ ਤੇ ਦੋਸ਼ੀ ਸ਼ਮਸ਼ਾਦ ਮੁਹੰਮਦ ਅਤੇ ਰਾਸ਼ੀਦ ਉਰਫ ਸੋਨੂੂੰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 2 ਲੱਖ 40 ਹਜ਼ਾਰ ਨਸ਼ੀਲੀਆਂ ਗੋਲੀਆਂ, 38400 ਨਸ਼ੀਲੇ ਕੈਪਸੂਲ, 100 ਨਸ਼ੀਲੀਆਂ ਸ਼ੀਸ਼ੀਆਂ, 6 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਗਈ। ਐਸ. ਐਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਇਨ੍ਹਾਂ ਦੋਵਾਂ ਮੁੱਖ ਸਪਲਾਇਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਇਸ ਸਪਲਾਈ ਲਾਈਨ ਦੇ ਪਿੱਛੇ ਅਸਲ ਅਪਰਾਧੀ ਕੌਣ ਹੈ ਅਤੇ ਇਸ ਗਿਰੋਹ ਦੇ ਕਿਥੇ ਕਿਥੇ ਤੱਕ ਤਾਰ ਜੁੜੇ ਹਨ। ਇਸ ਮੌਕੇ ਡੀ. ਐਸ. ਪੀ. ਰਾਕੇਸ਼ ਛਿੱਬਰ, ਡੀ. ਐਸ. ਪੀ. ਰਮਨਿੰਦਰ ਸਿੰਘ ਦਿਓਲ ਆਦਿ ਵੀ ਹਾਜ਼ਰ ਸਨ।

 

 

 

cherry

This news is Content Editor cherry