20 ਦਿਨਾਂ ''ਚ ਤੀਜੀ ਵਾਰ ਭੜਕਿਆ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਦਾ ਮਾਮਲਾ

08/10/2019 5:20:29 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਐੱਸ. ਡੀ. ਕਾਲਜ ਵੱਲੋਂ ਦਲਿਤ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਦੇ ਮਾਮਲੇ 'ਚ ਪਿਛਲੇ 20 ਦਿਨਾਂ ਵਿਚ ਦਲਿਤ ਵਿਦਿਆਰਥੀ ਤੀਜੀ ਵਾਰ ਸੜਕਾਂ 'ਤੇ ਉੱਤਰ ਆਏ ਹਨ। ਦਲਿਤ ਵਿਦਿਆਰਥੀਆਂ ਨੇ ਐੱਸ. ਡੀ. ਕਾਲਜ ਦੇ ਗੇਟ ਦੇ ਅੱਗੇ ਰੋਡ ਜਾਮ ਕਰ ਕੇ ਧਰਨਾ ਲਾ ਕੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਦਲਿਤ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਕਾਲਜ ਮੈਨੇਜਮੈਂਟ ਵਿਦਿਆਰਥੀਆਂ ਨਾਲ ਸਮਝੌਤਾ ਕਰ ਕੇ ਤੀਜੀ ਵਾਰ ਮੁੱਕਰ ਗਈ ਹੈ। ਦਲਿਤ ਵਿਦਿਆਰਥੀਆਂ ਦੇ ਰੋਡ ਜਾਮ ਕਰਨ ਨਾਲ ਟ੍ਰੈਫਿਕ ਵੀ ਜਾਮ ਹੋ ਗਿਆ। ਛੋਟੇ-ਛੋਟੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪੂਰੀਆਂ ਫੀਸਾਂ ਮੰਗਣ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀ ਚੜ੍ਹੇ ਪਾਣੀ ਦੀ ਟੈਂਕੀ 'ਤੇ
ਜ਼ਿਕਰਯੋਗ ਹੈ ਕਿ ਦੋ ਵਾਰ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਖਤਮ ਕਰਵਾਇਆ ਸੀ। ਪਿਛਲੇ ਦਿਨੀਂ ਵਿਦਿਆਰਥੀ ਪਿੰਡ ਪੱਤੀ ਸੇਖਵਾਂ ਦੇ ਨੇੜੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਸਨ ਅਤੇ ਪੂਰੀ ਰਾਤ ਪਾਣੀ ਦੀ ਟੈਂਕੀ 'ਤੇ ਚੜ੍ਹੇ ਰਹੇ ਤਾਂ ਦੂਜੇ ਦਿਨ ਐੱਸ. ਡੀ. ਐੱਮ. ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਭੋਰਸਾ ਦਿੱਤਾ ਸੀ ਕਿ ਹੁਣ ਕਾਲਜ ਵੱਲੋਂ ਉਨ੍ਹਾਂ ਤੋਂ ਫੀਸਾਂ ਨਹੀਂ ਲਈਆਂ ਜਾਣਗੀਆਂ। ਐੱਸ. ਡੀ. ਐੱਮ. ਵੱਲੋਂ ਭਰੋਸਾ ਦੇਣ ਮਗਰੋਂ ਵਿਦਿਆਰਥੀ ਪਾਣੀ ਦੀ ਟੈਂਕੀ ਤੋਂ ਉੱਤਰ ਆਏ ਸਨ ਪਰ ਸ਼ੁੱਕਰਵਾਰ ਨੂੰ ਇਕ ਲੜਕੀ ਕਾਲਜ 'ਚ ਆਪਣਾ ਦਾਖਲਾ ਕਰਵਾਉਣ ਗਈ ਤਾਂ ਕਾਲਜ ਵੱਲੋਂ ਉਸ ਤੋਂ ਸਕਿਓਰਿਟੀ ਮੰਗਣ ਦੇ ਮਗਰੋਂ ਮਾਮਲਾ ਫਿਰ ਤੋਂ ਗਰਮਾ ਗਿਆ ਅਤੇ ਵਿਦਿਆਰਥੀ ਗੇਟ ਅੱਗੇ ਬੈਠ ਗਏ।

ਫੀਸ ਮੁਆਫ ਹੋਣ ਦੇ ਬਾਵਜੂਦ ਮੇਰੇ ਕੋਲੋਂ ਪਿਛਲੇ ਵਰ੍ਹੇ ਭਰਵਾਏ ਗਏ ਸਨ 8 ਹਜ਼ਾਰ ਰੁਪਏ
ਬੀ. ਸੀ. ਏ. ਫਾਈਨਲ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਕੀਤੀ ਹੋਈ ਹੈ। ਇਸ ਦੇ ਬਾਵਜੂਦ ਕਾਲਜ ਨੇ ਮੇਰੇ ਕੋਲੋਂ ਅੱਠ ਹਜ਼ਾਰ ਰੁਪਏ ਲੈ ਲਏ, ਜਿਸ ਦੀਆਂ ਮੈਂ ਰਸੀਦਾਂ ਵੀ ਦਿਖਾ ਸਕਦੀ ਹਾਂ। ਜਦੋਂ ਹੁਣ ਉਹ ਕਾਲਜ 'ਚ ਦਾਖਲਾ ਕਰਵਾਉਣ ਗਈ ਤਾਂ ਉਸ ਕੋਲੋਂ ਸਕਿਓਰਿਟੀ ਦੇ ਨਾਂ 'ਤੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਜਦੋਂਕਿ ਦਲਿਤ ਵਿਦਿਆਰਥੀਆਂ ਨੇ ਸਕਿਓਰਿਟੀ ਸਿਰਫ ਇਕ ਵਾਰ ਹੀ ਜਮ੍ਹਾ ਕਰਵਾਉਣੀ ਹੁੰਦੀ ਹੈ, ਉਹ ਵੀ ਰਿਫੰਡੇਬਲ। ਅਸੀਂ ਦੋ-ਦੋ ਵਾਰ ਸਕਿਓਰਿਟੀ ਜਮ੍ਹਾ ਕਰਵਾ ਚੁੱਕੇ ਹਾਂ। ਤੀਜੀ ਵਾਰ ਵੀ ਸਾਡੇ ਕੋਲੋਂ ਸਕਿਓਰਿਟੀ ਮੰਗੀ ਜਾ ਰਹੀ ਹੈ, ਜੋ ਕਿ ਸਰਾਸਰ ਅਨਿਆਂ ਹੈ। ਕਾਲਜ ਮੈਨੇਜਮੈਂਟ ਪ੍ਰਸ਼ਾਸਨ ਦੇ ਨਾਲ ਸਮਝੌਤਾ ਕਰ ਕੇ ਵੀ ਮੁੱਕਰ ਰਹੀ ਹੈ। ਹੁਣ ਅਸੀਂ ਆਪਣਾ ਅੰਦੋਲਨ ਵਾਪਸ ਨਹੀਂ ਲਵਾਂਗੇ, ਜਦੋਂ ਤੱਕ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਵਿਰੁੱਧ ਉਚਿਤ ਕਾਰਵਾਈ ਨਹੀਂ ਹੁੰਦੀ। ਇਸ ਮੌਕੇ ਵਿਦਿਆਰਥਣ ਸ਼ਰਨਜੋਤ ਕੌਰ, ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਕਾਲਜ ਚੱਲ ਰਿਹਾ ਹੈ ਨਿਯਮਾਂ ਦੇ ਉਲਟ, ਭੇਜ ਰਹੇ ਹਾਂ ਕਾਲਜ ਵਿਰੁੱਧ ਰਿਪੋਰਟ : ਐੱਸ. ਡੀ. ਐੱਮ.
ਐੱਸ. ਡੀ. ਐੱਮ. ਸੰਦੀਪ ਕੁਮਾਰ ਨੇ ਕਿਹਾ ਕਿ ਕਾਲਜ ਨਿਯਮਾਂ ਦੇ ਉਲਟ ਚੱਲ ਰਿਹਾ ਹੈ। ਦਲਿਤ ਵਿਦਿਆਰਥੀਆਂ ਤੋਂ ਪੈਸੇ ਮੰਗਣਾ ਗਲਤ ਹੈ। ਅਸੀਂ ਕਾਲਜ ਦੇ ਵਿਰੁੱਧ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਰਹੇ ਹਾਂ, ਜੋ ਗਲਤ ਕੰਮ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

cherry

This news is Content Editor cherry