''ਬਰਨਾਲਾ ਜ਼ਿਲ੍ਹੇ ''ਚ ਆਰਮਜ਼ ਲਾਈਸੈਂਸ ਰੀਨਿਊ ਕਰਵਾਉਣ ਵਾਲੇ ਨੂੰ ਲਾਉਣੇ ਪੈਣਗੇ 5 ਦਰੱਖ਼ਤ''

Tuesday, Sep 08, 2020 - 12:55 AM (IST)

ਬਰਨਾਲਾ, (ਵਿਵੇਕ ਸਿੰਧਵਾਨੀ)–ਜ਼ਿਲ੍ਹਾ ਬਰਨਾਲਾ 'ਚ ਟ੍ਰੀਗੰਨਜ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਜੇਕਰ ਕਿਸੇ ਨੇ ਆਰਮਜ਼ ਲਾਈਸੈਂਸ ਲੈਣਾ ਹੋਵੇਗਾ ਤਾਂ ਉਸ ਨੂੰ 5 ਦਰੱਖਤ ਲਾਉਣੇ ਪੈਣਗੇ। ਇਹ ਸ਼ਬਦ ਪਟਿਆਲਾ ਦੇ ਕਮਿਸ਼ਨਰ ਚੰਦ ਗੇਂਦ ਨੇ ਡੀ. ਸੀ. ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਸਕੀਮ ਮੈਂ ਫਿਰੋਜ਼ਪੁਰ ਜ਼ਿਲੇ 'ਚ ਪਿਛਲੇ ਸਾਲ ਅਗਸਤ ਵਿਚ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਉਥੇ ਹਰ ਸਾਲ 12000 ਦਰੱਖਤ ਲੱਗਣੇ ਸ਼ੁਰੂ ਹੋ ਗਏ। ਪੰਜਾਬ 'ਚ ਬਰਨਾਲਾ ਪੰਜਵਾਂ ਜ਼ਿਲਾ ਹੈ। ਜਿਥੇ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਫਿਰੋਜ਼ਪੁਰ ਤੋਂ ਬਾਅਦ ਪਟਿਆਲਾ, ਸੰਗਰੂਰ, ਫਿਰ ਲੁਧਿਆਣਾ 'ਚ ਇਹ ਸਕੀਮ ਸ਼ੁਰੂ ਕੀਤੀ ਗਈ। ਇਸ ਸਕੀਮ ਨਾਲ ਇਹ ਲਾਭ ਹੁੰਦਾ ਹੈ ਕਿ ਗੰਨ ਵਿਅਕਤੀ ਆਪਣੀ ਸੁਰੱਖਿਆ ਵਾਸਤੇ ਲੈਂਦਾ ਹੈ। ਜਦੋਂਕਿ ਬੂਟੇ ਉਹ ਸਮਾਜਿਕ ਸੁਰੱਖਿਆ ਲਈ ਲਾਉਂਦਾ ਹੈ।
ਜ਼ਿਕਰਯੋਗ ਹੈ ਕਿ ਇਹ ਦਰੱਖਤ ਸੂਕਲ, ਧਾਰਮਿਕ ਸਥਾਨਾਂ, ਹਾਈ ਰੋਡ ਅਤੇ ਘਰ 'ਚ ਲਾਏ ਜਾ ਸਕਦੇ ਹਨ। ਲਾਈਸੈਂਸ ਅਪਲਾਈ ਕਰਨ 'ਤੇ ਉਹ ਪੰਜ ਬੂਟੇ ਲਾਉਣ ਦੀ ਸੈਲਫੀ ਡੀ. ਸੀ. ਦਫ਼ਤਰ 'ਚ ਲੈ ਕੇ ਆਵੇਗਾ। ਫਿਰ ਮਹੀਨੇ ਬਾਅਦ ਉਹ ਵਧੇ ਹੋਏ ਬੂਟਿਆਂ ਦੀ ਸੈਲਫੀ ਡੀ. ਸੀ. ਦਫ਼ਤਰ 'ਚ ਲੈ ਕੇ ਆਵੇਗਾ ਫਿਰ ਹੀ ਉਸਦਾ ਲਾਈਸੈਂਸ ਰੀਨਿਊ ਕੀਤਾ ਜਾਵੇਗਾ। ਪੰਜ ਸਾਲਾਂ ਬਾਅਦ ਜਦੋਂ ਫਿਰ ਲਾਈਸੈਂਸ ਰੀਨਿਊ ਕਰਵਾਉਣ ਹੋਵੇਗਾ ਤਾਂ ਲਾਏ ਗਏ ਦਰੱਖਤਾਂ ਦੀ ਸੈਲਫੀ ਨਾਲ ਲਾਉਣੀ ਪਵੇਗੀ। ਬਰਨਾਲਾ ਜ਼ਿਲੇ 'ਚ 200 ਲਾਈਸੈਂਸ ਹਰ ਮਹੀਨੇ ਰੀਨਿਊ ਹੁੰਦੇ ਹਨ ਅਤੇ 4-5 ਨਵੇਂ ਲਾਈਸੈਂਸ ਬਣਦੇ ਹਨ। ਇਸ ਤਰ੍ਹਾਂ ਲਗਭਗ 1000 ਦਰੱਖਤ ਜ਼ਿਲਾ ਬਰਨਾਲਾ ਵਿਚ ਲੱਗਣਗੇ। ਇਸ ਮੌਕੇ ਡੀ. ਸੀ. ਤੇਜ ਪ੍ਰਤਾਪ ਸਿੰਘ ਫੂਲਕਾ, ਏ. ਡੀ. ਸੀ. ਅਦਿੱਤਿਆ ਡੇਚਲਵਾਲ, ਐੱਸ. ਡੀ. ਐੱਮ. ਵਾਲੀਆ, ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਆਦਿ ਹਾਜ਼ਰ ਸਨ।
 

Deepak Kumar

This news is Content Editor Deepak Kumar