ਬਰਗਾੜੀ ਮੋਰਚੇ ''ਤੇ ਡਟੇ ਜਥੇਦਾਰਾਂ ''ਚ ਹੋ ਸਕਦੀ ਹੈ ਝੜਪ, ਅਲਰਟ ਜਾਰੀ

08/08/2018 3:09:12 PM

ਹੁਸ਼ਿਆਰਪੁਰ— ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਬਰਗਾੜੀ 'ਚ ਲਗਾਏ ਗਏ ਜਥੇਦਾਰਾਂ ਨੂੰ ਵਿਦੇਸ਼ਾਂ 'ਚ ਹੋ ਰਹੀ ਫੰਡਿੰਗ ਤੋਂ ਬਾਅਦ ਪੰਜਾਬ ਪੁਲਸ ਦੀ ਖੁਫੀਆ ਵਿੰਗ ਨੇ ਪੰਜਾਬ ਅਤੇ ਬਰਗਾੜੀ 'ਚ ਇਕ ਵੱਡਾ ਅਲਰਟ ਜਾਰੀ ਹੈ। ਇਸ 'ਚ ਕਿਹਾ ਗਿਆ ਹੈ ਕਿ ਵਿਦੇਸ਼ ਤੋਂ ਹੋ ਰਹੀ ਫੰਡਿੰਗ ਨੂੰ ਲੈ ਕੇ ਜਥੇਦਾਰਾਂ 'ਚ ਵਿਵਾਦ ਪੈਦਾ ਹੋ ਗਿਆ ਹੈ, ਜੋ ਕਿਸੇ ਵੀ ਸਮੇਂ ਭਿਆਨਕ ਰੂਪ ਲੈ ਸਕਦਾ ਹੈ। ਇਸੇ ਅਲਰਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਬਰਗਾੜੀ 'ਚ ਬੈਠੇ ਜਥੇਦਾਰਾਂ 'ਤੇ ਤਿੱਖੀ ਨਿਗਾਹ ਰੱਖੀ ਜਾ ਰਹੀ ਹੈ। 
ਡੀ. ਜੀ. ਪੀ. ਇੰਟੈਲੀਜੈਂਸ ਨੇ ਇਕ ਅਲਰਟ ਜਾਰੀ ਕੀਤਾ ਹੈ। ਇਸ 'ਚ ਡੀ. ਜੀ. ਪੀ. ਇੰਟੈਲੀਜੈਂਸ ਨੇ ਡੀ. ਜੀ.ਪੀ. ਲਾਅ ਐਂਡ ਆਰਡਰ, ਆਈ. ਜੀ. ਫਿਰੋਜ਼ਪੁਰ ਰੇਜ਼, ਏ. ਆਈ. ਜੀ. ਇੰਟੈਲੀਜੈਂਸ ਜੋਨਲ ਨੂੰ ਕਿਹਾ ਹੈ ਕਿ ਬਰਗਾੜੀ ਮੋਰਚੇ ਲਈ ਜੋ ਵੀ ਫੰਡਿੰਗ ਦੇਸ਼ ਅਤੇ ਵਿਦੇਸ਼ ਤੋਂ ਹੋ ਰਹੀ ਹੈ, ਇਸ ਨੂੰ ਲੈ ਕੇ ਜਥੇਦਾਰਾਂ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਇਕ ਧੜਾ ਸਾਰਾ ਪੈਸਾ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਆਪਣੇ ਕੋਲ ਰੱਖਣ ਤੋਂ ਨਾਰਾਜ਼ ਹੈ। ਨਾਰਾਜ਼ ਜਥੇਦਾਰਾਂ 'ਚ ਜਥੇਦਾਰ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਜਸਕਰਨ ਸਿੰਘ ਕਾਨਸਿੰਘ ਵਾਲਾ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਸ਼ਾਮਲ ਹਨ। ਅਲਰਟ 'ਚ ਇਹ ਕਿਹਾ ਗਿਆ ਹੈ ਕਿ ਇਹ ਸਾਰਾ ਗਰੁੱਪ ਗਰਮਖਿਆਲੀ ਹੈ ਅਤੇ ਇਸੇ ਕਾਰਨ ਫੰਡ ਨੂੰ ਲੈ ਕੇ ਇਸ 'ਚ ਕਿਸੇ ਸਮੇਂ ਵੀ ਲੜਾਈ ਹੋ ਸਕਦੀ ਹੈ ਅਤੇ ਹਾਲਾਤ ਖਰਾਬ ਹੋ ਸਕਦੇ ਹਨ। 
ਉਥੇ ਹੀ ਦੂਜੇ ਪਾਸੇ ਇਸ ਮਾਮਲੇ ਸਬੰਧੀ ਮੋਰਚੇ ਦੇ ਪ੍ਰਮੁੱਖ ਪ੍ਰਬੰਧਨ 'ਚ ਸ਼ਾਮਲ ਅਮਰੀਕ ਸਿੰਘ ਅਜਨਾਲਾ ਨੇ ਅਜਿਹੀਆਂ ਗੱਲਾਂ ਤੋਂ ਪੱਲਾ ਝਾੜ ਲਿਆ ਹੈ ਅਤੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ। ਸਾਰਾ ਪੈਸਾ ਧਿਆਨ ਸਿੰਘ ਮੰਡ ਦੇ ਕੋਲ ਹੈ ਅਤੇ ਇਕ-ਇਕ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਕਹੀ ਕਿ ਮੋਰਚੇ ਦੇ ਖਤਮ ਹੋਣ ਦੇ ਸਮੇਂ ਸਾਰਾ ਹਿਸਾਬ ਕੀਤਾ ਜਾਵੇਗਾ, ਉਥੇ ਹੀ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਨਹੀਂ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਮੋਰਚੇ ਨੂੰ ਕਿਸੇ ਤਰ੍ਹਾਂ ਫੇਲ ਕੀਤਾ ਜਾ ਸਕੇ। 
ਮੋਰਚੇ ਨੂੰ ਲੈ ਕੇ ਕਾਂਗਰਸ 'ਚ ਵੀ ਬਣੇ ਦੋ ਧੜੇ
ਸੂਤਰਾਂ ਦੀ ਮੰਨੀਏ ਤਾਂ ਬਰਗਾੜੀ ਮੋਰਚੇ ਨੂੰ ਲੈ ਕੇ ਕÎਾਂਗਰਸ 'ਚ ਵੀ ਦੋ ਧੜੇ ਬਣ ਗਏ ਹਨ। ਇਕ ਧੜਾ ਇਸ ਮੋਰਚੇ ਨੂੰ ਜਲਦੀ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ ਮੋਰਚੇ ਦਾ ਪ੍ਰਬੰਧ ਗਰਮ ਖਿਆਲੀ ਕਰ ਰਹੇ ਹਨ। ਪਾਰਟੀ ਨੇਤਾ ਇਸ ਨੂੰ ਕਾਂਗਰਸ ਲਈ ਨੁਕਸਾਨਦੇਹ ਦੱਸ ਰਹੇ ਹਨ। ਉਥੇ ਹੀ ਇਕ-ਦੋ ਮੰਤਰੀ ਨਹੀਂ ਚਾਹੁੰਦੇ ਹਨ ਕਿ ਇਹ ਧਰਨਾ ਉੱਠੇ।