ਬਰਗਾੜੀ ਮੋਰਚੇ ਨੂੰ ਪ੍ਰਸ਼ਾਸਨ ਦਾ ਝਟਕਾ

12/14/2018 12:58:30 PM

ਕੋਟਕਪੂਰਾ - ਬਰਗਾੜੀ ਦੀ ਦਾਣਾ ਮੰਡੀ 'ਚ 1 ਜੂਨ 2018 ਤੋਂ ਚਲ ਰਹੇ ਬਰਗਾੜੀ ਮੋਰਚੇ ਦੇ ਅਗਲੇ ਪੜਾਅ 'ਤੇ ਹੋਣ ਵਾਲੇ ਮੁਜ਼ਾਹਰੇ 'ਤੇ ਫਰੀਦਕੋਟ ਪ੍ਰਸ਼ਾਸਨ ਵਲੋਂ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਪਾਬੰਧੀ ਦੇ ਆਦੇਸ਼ ਉਪ-ਮੰਡਲ ਮੈਜਿਸਟ੍ਰੇਟ ਜੈਤੋ ਅਤੇ ਐੱਸ.ਐੱਚ.ਓ. ਬਾਜਾਖਾਨਾ ਨੂੰ ਭੇਜ ਕੇ ਇਸ 'ਤੇ ਅਮਲ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਬਰਗਾੜੀ ਦੀ ਦਾਣਾ ਮੰਡੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਪਿਛਲੇ 6 ਮਹੀਨੇ ਤੋਂ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। 

ਪੰਥਕ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਹਾਜ਼ਰੀ 'ਚ ਚਲ ਰਹੇ ਇਸ ਸ਼ਾਂਤਮਈ ਧਰਨੇ ਨੂੰ ਕੁਝ ਦਿਨ ਪਹਿਲਾਂ ਖਤਮ ਕਰ ਦਿੱਤਾ ਸੀ ਜਦਕਿ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ। ਧਰਨੇ ਦੀ ਸਥਾਪਤੀ ਤੋਂ ਬਾਅਦ ਪੰਥਕ ਮੋਰਚੇ ਦੇ ਆਗੂਆਂ 'ਚ ਕੁਝ ਮੱਤਭੇਦ ਸਾਹਮਣੇ ਆ ਰਹੇ ਹਨ। ਸਿਆਸੀ ਹਲਕਿਆਂ 'ਚ ਚਰਚਾ ਹੋ ਰਹੀ ਹੈ ਕਿ ਪ੍ਰਸ਼ਾਸਨ ਨੂੰ ਡਰ ਹੈ ਕਿ ਪੰਥਕ ਮੋਰਚੇ ਦੇ ਆਗੂ ਮੁੜ ਬਰਗਾੜੀ ਦੀ ਅਨਾਜ ਮੰਡੀ 'ਚ ਕਿਤੇ ਡੇਰੇ ਨਾ ਲਾ ਲੈਣ, ਜਿਸ ਕਾਰਨ ਉਨ੍ਹਾਂ ਨੇ ਧਰਨੇ-ਮੁਜ਼ਾਹਰੇ 'ਤੇ ਮੁਕੰਮਲ ਤੌਰ 'ਤੇ ਪਾਬੰਧੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

rajwinder kaur

This news is Content Editor rajwinder kaur