''ਲੋਕੀਂ ਕਰਨ ਕਲੋਲਾਂ ਪਏ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾ ਗਏ...!''

12/14/2018 10:39:42 AM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਲੰਮਾ ਅਰਸਾ ਸਰਕਾਰ ਦੀਆਂ ਚੂਲਾਂ ਹਿਲਾਉਣ ਤੋਂ ਬਾਅਦ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਖਿਲਾਫ ਲੱਗਾ ਇਨਸਾਫ ਮੋਰਚਾ ਆਖਿਰ ਨਾਟਕੀ ਢੰਗ ਨਾਲ ਸਮਾਪਤ ਹੋ ਗਿਆ ਹੈ। ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਇਹ ਮੋਰਚਾ ਸਰਬਤ ਖਾਲਸਾ ਧਿਰਾਂ ਵਲੋਂ ਲਾਇਆ ਗਿਆ ਸੀ, ਉਸ ਦੀ ਪੂਰਤੀ ਵੀ ਕਾਫੀ ਹੱਦ ਤਕ ਹੋ ਗਈ ਹੈ। ਕੁਝ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ ਤੇ ਕੁਝ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਕੀ ਇਸ ਮੁਕਾਮ 'ਤੇ ਉਕਤ ਮੋਰਚੇ ਨੂੰ ਇਸ ਤਰੀਕੇ ਨਾਲ ਚੁੱਕਣਾ ਵਾਜਿਬ ਸੀ, ਜਿਸ ਤਰ੍ਹਾਂ ਮੋਰਚੇ ਦੀਆਂ ਧਿਰਾਂ ਵਲੋਂ ਚੁੱਕਿਆ ਗਿਆ? ਕੀ ਲਾਮਿਸਾਲ ਹੁੰਗਾਰੇ ਨਾਲ ਸਿਖਰਾਂ 'ਤੇ ਪੁੱਜੇ ਸੰਘਰਸ਼ ਨੂੰ ਇਸ ਕਦਰ ਕੂਹਣੀ ਮੋੜ ਦੇ ਦੇਣਾ ਉਨ੍ਹਾਂ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ, ਜਿਨ੍ਹਾਂ ਨੇ ਸਭ ਦੁਨਿਆਵੀ ਰੀਝਾਂ ਨੂੰ ਤਿਆਗ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਲਈ ਸੰਘਰਸ਼ ਕੀਤਾ।

ਜਿਸ ਤਰਜ਼ 'ਤੇ ਸਰਕਾਰ ਨੇ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਹੈ, ਅਜਿਹਾ ਭਰੋਸਾ ਤਾਂ ਇਕ ਜੂਨ ਤੋਂ ਬਾਅਦ ਕਈ ਵਾਰ ਦਿਵਾਇਆ ਜਾ ਚੁੱਕਾ ਹੈ ਤੇ ਫਿਰ ਇਸ ਭਰੋਸੇ ਵਿਚ ਇੰਨਾ ਕੀ ਸੀ, ਜਿਸ ਨਾਲ ਮੋਰਚੇ ਦੀਆਂ ਧਿਰਾਂ ਸੰਤੁਸ਼ਟ ਹੋ ਗਈਆਂ? ਲੰਮੇ ਅਰਸੇ ਵਿਚ ਸਿਰਫ ਸਿੱਖਾਂ ਨੇ ਹੀ ਨਹੀਂ ਬਲਕਿ ਹਿੰਦੂਆਂ, ਮੁਸਲਮਾਨਾਂ ਤੇ ਈਸਾਈ ਭਾਈਚਾਰੇ ਨੇ ਡਟ ਕੇ ਸ਼ਮੂਲੀਅਤ ਕੀਤੀ ਪਰ ਮੋਰਚੇ ਦੇ ਪ੍ਰਬੰਧਕਾਂ ਦੀ ਅਜਿਹੀ ਕੀ ਮਜਬੂਰੀ ਬਣ ਗਈ ਕਿ ਉਨ੍ਹਾਂ ਇਹ ਵੱਡਾ ਫੈਸਲਾ ਲੈਣ ਮੌਕੇ ਕਿਸੇ ਨੂੰ ਵਿਸ਼ਵਾਸ ਵਿਚ ਹੀ ਨਹੀਂ ਲਿਆ? ਕੀ ਇਹ ਉਹੀ ਤਾਂ ਨਹੀਂ ਹੋਇਆ ਜੋ ਸਰਕਾਰ ਤੇ ਏਜੰਸੀਆਂ ਚਾਹੁੰਦੀਆਂ ਸਨ?

ਉਕਤ ਤਮਾਮ ਸਵਾਲਾਂ ਦੇ ਜਵਾਬ ਅੱਜ ਕੁਝ ਸੋਸ਼ਲ ਮੀਡੀਆ 'ਤੇ ਸੰਗਤਾਂ ਮੰਗ ਰਹੀਆਂ ਹਨ। ਮੋਰਚੇ ਦੇ ਆਗੂ ਸੰਗਤਾਂ ਨੂੰ ਕੋਈ ਠੋਸ ਪ੍ਰੋਗਰਾਮ ਜਾਂ ਸਪੱਸ਼ਟੀਕਰਨ ਦੇਣ ਦੀ ਥਾਂ ਅੰਦਰੂਨੀ ਖਾਨਾਜੰਗੀ ਵਿਚ ਉਲਝ ਗਏ ਹਨ। ਉਹ ਧਿਰਾਂ ਜਿਨ੍ਹਾਂ ਨੇ ਇਸ ਮੋਰਚੇ ਵਿਚ ਸ਼ਬਦ ਗੁਰੂ ਨੂੰ ਸਮਰਪਿਤ ਹੋ ਕੇ ਦਿਨ-ਰਾਤ ਇਕ ਕੀਤਾ ਸੀ, ਵਿਚ ਨਾ ਸਿਰਫ ਘੋਰ ਨਿਰਾਸ਼ਾ ਹੈ ਬਲਕਿ ਜੋਸ਼ ਬਰਕਰਾਰ ਹੋਣ ਦੇ ਬਾਵਜੂਦ ਕੋਈ ਪਲੇਟਫਾਰਮ 'ਤੇ ਠੋਸ ਪ੍ਰੋਗਰਾਮ ਅਤੇ ਗਤੀਸ਼ੀਲ ਅਗਵਾਈ ਦੀ ਟੁੱਟੀ ਆਸ ਦਾ ਦਿਲੋਂ ਦੁੱਖ ਹੈ। ਸੰਗਤਾਂ ਇਨਸਾਫ ਚਾਹੁੰਦੀਆਂ ਹਨ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤੱਤਪਰ ਹਨ ਪਰ ਰੋਸ ਭਰਪੂਰ ਕਾਫਲੇ ਦੀ ਵਿਸ਼ਵਾਸ ਪਾਤਰ ਅਗਵਾਈ ਕਿਥੋਂ ਮਿਲੇ?

ਸ੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਇਸ ਮੌਕੇ ਸਭ ਤੋਂ ਵੱਧ ਕਸੂਤੀ ਸਥਿਤੀ ਵਿਚ ਫਸੇ ਨਜ਼ਰ ਆ ਰਹੇ ਹਨ। ਕੌਮ ਵਿਚਲੀ ਵੱਡੀ  ਨਿਰਾਸ਼ਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਕਥਿਤ ਨਾਰਾਜ਼ਗੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਪਾ ਦਿੱਤਾ ਹੈ ਜਦਕਿ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਉਨ੍ਹਾਂ ਦੇ ਮਤਭੇਦ ਤੇ ਮੋਰਚੇ ਦੌਰਾਨ ਸਰਗਰਮ ਭੂਮਿਕਾ ਤੋਂ ਬਣਾਈ ਦੂਰੀ ਪਹਿਲਾਂ ਹੀ ਜਗ ਜ਼ਾਹਿਰ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਵਲੋਂ ਮੋਰਚੇ ਨੂੰ ਦੂਜੇ ਪੜਾਅ ਵਿਚ ਲਿਜਾਣ ਦਾ ਕੀਤਾ ਐਲਾਨ ਭਾਵੇਂ ਉਨ੍ਹਾਂ ਨੂੰ ਮੁੜ ਲੀਹ 'ਤੇ ਲਿਆਉਣ ਦਾ ਇਤਫਾਕ ਬਣ ਰਿਹਾ ਹੈ ਪਰ ਮੌਜੂਦਾ ਸਥਿਤੀ ਵਿਚੋਂ ਨਿਕਲਣ ਤੇ ਇਸ 'ਤੇ ਕਾਬੂ ਪਾਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਕੋਲ ਇਸ ਸੰਕਟ ਦੇ ਦੌਰ ਵਿਚੋਂ ਨਿਕਲਣ ਦੀ ਇਕੋ-ਇਕ ਆਸ ਦੀ ਕਿਰਨ ਇਹ ਬਚੀ ਹੈ ਕਿ ਅਗਰ ਉਹ ਸਮੁੱਚੀਆਂ ਧਿਰਾਂ ਨੂੰ ਮੁੜ ਇਕ ਮਾਲਾ ਵਿਚ ਪਰੋ ਕੇ ਕੌਮ ਨੂੰ 20 ਦਸੰਬਰ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਹੋਣ ਵਾਲੇ ਇਕੱਠ ਵਿਚ ਯੋਗ ਪ੍ਰੋਗਰਾਮ ਦੇਣ ਦੇ ਸਮਰਥ ਹੋ ਜਾਂਦੇ ਹਨ ਤਾਂ ਗੱਡੀ ਮੁੜ ਲੀਹਾਂ 'ਤੇ ਲਿਆਂਦੀ ਜਾ ਸਕਦੀ ਹੈ, ਕਿਉਂਕਿ ਬੇਰ ਅਜੇ ਡੁੱਲ੍ਹੇ ਹਨ, ਗੁਆਚੇ ਨਹੀਂ।

cherry

This news is Content Editor cherry