ਬੈਂਕ ਕਰਮਚਾਰੀਆਂ ਵੱਲੋਂ ਹੜਤਾਲ

08/23/2017 7:47:24 AM

ਸ੍ਰੀ ਮੁਕਤਸਰ ਸਾਹਿਬ  (ਪਵਨ, ਭੁਪਿੰਦਰ) - ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਸਟੇਟ ਬੈਂਕ ਆਫ਼ ਇੰਡੀਆ ਮੇਨ ਬ੍ਰਾਂਚ ਮੁਕਤਸਰ ਦੇ ਸਾਹਮਣੇ ਅਫਸਰਜ਼ ਤੇ ਵਰਕਰਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਤੇ ਇੰਡੀਅਨ ਬੈਂਕ ਐਸੋਸੀਏਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਾਰੇ ਸਰਕਾਰੀ ਬੈਂਕ ਬੰਦ ਰਹੇ।
ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਓ. ਪੀ. ਤਨੇਜਾ ਰਿਜਨਲ ਸਕੱਤਰ ਭਾਰਤੀ ਸਟੇਟ ਬੈਂਕ, ਬਲਦੇਵ ਆਹੂਜਾ ਪ੍ਰਧਾਨ ਆਈਬੋਕ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਰਛਪਾਲ ਸਿੰਘ ਸਿੱਧੂ ਚੀਫ਼ ਮੈਨੇਜਰ ਐੱਸ. ਬੀ. ਆਈ. ਮੇਨ ਬ੍ਰਾਂਚ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਦਿਆਂ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਕੀਤੀ ਜਾ ਰਹੀ ਸਾਜ਼ਿਸ਼ ਦੇ ਵਿਰੋਧ ਵਿਚ ਇਹ ਹੜਤਾਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਲਤ ਨੀਤੀਆਂ ਨਾਲ ਕਾਰਪੋਰੇਟ ਘਰਾਣਿਆਂ ਦੇ ਵੱਡੇ ਖਰਾਬ ਲੋਨ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਸ ਦਾ ਸਿੱਧਾ ਅਸਰ ਬੈਂਕ ਦੀ ਨਿੱਜੀ ਵਿਵਸਥਾ 'ਤੇ ਪੈਂਦਾ ਹੈ। ਬੁਲਾਰਿਆਂ ਨੇ ਕਿਹਾ ਕਿ ਉਹ ਜੀ. ਐੱਸ. ਟੀ. ਤੋਂ ਬਾਅਦ ਵਧਾਏ ਬੈਂਕ ਖਰਚਿਆਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਐੱਫ. ਆਰ. ਡੀ. ਆਈ. ਬਿੱਲ ਵਾਪਸ ਲਿਆ ਜਾਵੇ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਬੈਂਕਾਂ ਦੇ ਖਰਾਬ ਲੋਨ ਤਕਰੀਬਨ 7 ਲੱਖ ਕਰੋੜ ਰੁਪਏ ਦੇ ਹਨ, ਜਿਨ੍ਹਾਂ ਵਿਚੋਂ 86.43 ਫੀਸਦੀ ਲੋਨ ਕਾਰਪੋਰੇਟ ਘਰਾਣਿਆਂ ਦੇ ਹਨ, ਜਿਨ੍ਹਾਂ ਦੀ ਗਿਣਤੀ 11 ਹਜ਼ਾਰ 643 ਦੇ ਕਰੀਬ ਹੈ। ਬੁਲਾਰਿਆਂ ਨੇ ਮੰਗ ਕੀਤੀ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਗਲਤ ਨੀਤੀਆਂ ਨੂੰ ਬੰਦ ਕਰੇ ਨਹੀਂ ਤਾਂ ਵੱਡੇ ਪੱਧਰ 'ਤੇ ਦੇਸ਼ ਭਰ ਵਿਚ ਸੰਘਰਸ਼ ਵਿੱਢਿਆ ਜਾਵੇਗਾ।
ਇਸ ਸਮੇਂ ਆਦਰਸ਼ ਸ਼ਰਾਫ਼, ਜਤਿੰਦਰ ਕੁਮਾਰ, ਨਰਿੰਦਰ ਕੁਮਾਰ, ਰਾਕੇਸ਼ ਕੁੰਦਰਾ, ਗੁਰਮੀਤ ਸਿੰਘ, ਦਰਸ਼ਨ ਕੁਮਾਰ ਗਿਰਧਰ, ਪੂਨਮ ਰਾਣੀ, ਵੀਨਾ ਰਾਣੀ, ਨੀਲਮ ਰਾਣੀ, ਅਰੁਣ ਕੁਮਾਰ, ਮੰਗਤ ਰਾਮ, ਗੁਰਮੰਗਤ ਸਿੰਘ, ਕੇ. ਐੱਲ. ਮਹਿੰਦਰਾ, ਪ੍ਰਕਾਸ਼, ਰਾਜਪਾਲ ਸਿੰਘ, ਰਾਮਪਾਲ ਸਿੰਘ, ਭਾਰਤ ਭੂਸ਼ਣ, ਸ਼ਾਮ ਸੁੰਦਰ, ਅਸ਼ੋਕ ਭੰਡਾਰੀ, ਸੂਰਜ ਮੱਲ, ਸਾਹਿਲ ਰਾਜਦੇਵ, ਗੁਰਵਿੰਦਰ ਸਿੰਘ, ਇੰਦੂ ਗੋਇਲ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।