ਜਲੰਧਰ-ਫਗਵਾੜਾ ਰੋਡ ''ਤੇ ਕੀਤੀ ਗਈ ਇਕ ਹੋਰ ਬੈਂਕ ਡਕੈਤੀ ਦਾ ਖੁਲਾਸਾ, ਤਿੰਨ ਗ੍ਰਿਫਤਾਰ

09/08/2019 2:12:36 PM

ਅੰਮ੍ਰਿਤਸਰ/ਜਲੰਧਰ/ਫਗਵਾੜਾ (ਸੰਜੀਵ)— ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਤਰਨਾਕ ਬਦਮਾਸ਼ ਅੰਗ੍ਰੇਜ਼ ਸਿੰਘ ਨੂੰ ਹਰ ਵਾਰਦਾਤ ਦੇ ਬਾਅਦ ਪਨਾਹ ਦੇਣ ਵਾਲੀ ਸਰਬਜੀਤ ਕੌਰ ਸਮੇਤ ਉਸ ਦੇ ਦੋ ਸਾਥੀਆਂ 'ਚ ਗੁਰਜੀਤ ਸਿੰਘ ਅਤੇ ਜੱਗੀ ਨੂੰ ਸੀ.ਆਈ. ਏ. ਸਟਾਫ ਨੇ ਇਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਇਹ ਖੁਲਾਸਾ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ 'ਜਗ ਬਾਣੀ' ਨਾਲ ਇਕ ਖਾਸ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੰਗ੍ਰੇਜ਼ ਸਿੰਘ ਤੋਂ ਬਾਰੀਕੀ ਨਾਲ ਪੁੱਛਗਿੱਛ ਚੱਲ ਰਹੀ ਹੈ ਅਤੇ ਅੱਗੇ ਦਾ ਆਪ੍ਰੇਸ਼ਨ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਸੰਭਾਲ ਰੱਖਿਆ ਹੈ। ਤਿੰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਅਦ ਇਹ ਵੀ ਖੁਲਾਸਾ ਹੋਇਆ ਕਿ ਅੰਗ੍ਰੇਜ਼ ਸਿੰਘ ਵੱਲੋਂ ਮੰਗੀ ਜਾਂਦੀ ਉਹ ਹਰ ਜ਼ਰੂਰਤ ਨੂੰ ਉਕਤ ਤਿੰਨੇ ਪੂਰਾ ਕਰਦੇ ਸਨ। ਕਿਰਾਏ ਦਾ ਮਕਾਨ ਲੈ ਕੇ ਦੇਣਾ, ਮਕਾਨ 'ਚ ਹਰ ਸਹੂਲਤ ਦਾ ਪ੍ਰਬੰਧ ਕਰਨਾ ਇਹ ਸਰਬਜੀਤ ਕੌਰ ਅਤੇ ਉਸ ਦੇ ਦੋਨੋਂ ਸਾਥੀਆਂ ਦਾ ਕੰਮ ਸੀ। ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜਲੰਧਰ-ਫਗਵਾੜਾ ਰੋਡ ਸਥਿਤ ਲਵਲੀ ਯੂਨੀਵਰਸਿਟੀ ਦੇ ਨੇੜੇ ਹੋਈ ਇਕ ਬੈਂਕ ਡਕੈਤੀ ਨੂੰ ਵੀ ਅੰਗ੍ਰੇਜ਼ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਅੰਜਾਮ ਦਿੱਤਾ ਸੀ। ਪੁਲਸ ਹੁਣ ਅੰਗ੍ਰੇਜ਼ ਸਿੰਘ ਅਤੇ ਗ੍ਰਿਫਤਾਰ ਕੀਤੇ ਗਏ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ।


ਪੰਜਾਬ ਪੁਲਸ ਲਈ ਸਿਰਦਰਦ ਬਣ ਚੁੱਕੇ ਅੰਤਰਰਾਸ਼ਟਰੀ ਖਤਰਨਾਕ ਬਦਮਾਸ਼ ਅੰਗ੍ਰੇਜ਼ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਨੂੰ ਪਿਛਲੇ ਦਿਨੀਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਅੰਗ੍ਰੇਜ਼ ਜੇਲ 'ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਾਈਟ ਹੈਂਡ ਹੈ ਅਤੇ ਪਿਛਲੇ ਕਰੀਬ ਦੋ ਸਾਲਾਂ ਤੋਂ ਉਸ ਨੇ ਅੰਮ੍ਰਿਤਸਰ 'ਚ ਦਹਿਸ਼ਤ ਮਚਾ ਰੱਖੀ ਸੀ। ਕਈ ਵਾਰ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਸੀ। ਪਿਛਲੇ ਤਿੰਨ ਸਾਲਾਂ ਦੌਰਾਨ ਅੰਮ੍ਰਿਤਸਰ 'ਚ ਹੋਈਆਂ ਵੱਡੀਆਂ ਡਕੈਤੀਆਂ 'ਚ ਅੰਗ੍ਰੇਜ਼ ਸਿੰਘ ਹਰ ਵਾਰ ਸ਼ਾਮਿਲ ਹੁੰਦਾ ਸੀ। ਪੁਲਸ ਹੁਣ ਉਸ ਵੱਲੋਂ ਅੰਜਾਮ ਦਿੱਤੇ ਗਏ ਹਰ ਮਾਮਲੇ ਦੀ ਪੁੱਛਗਿੱਛ ਕਰੇਗੀ।

ਇਹ ਕਹਿਣਾ ਹੈ ਸੀ. ਆਈ. ਏ. ਸਟਾਫ ਦੇ ਇੰਚਾਰਜ ਦਾ
ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਗ੍ਰੇਜ਼ ਸਿੰਘ ਨੂੰ ਸ਼ਰਨ ਦੇਣ ਵਾਲੇ ਹਰ ਵਿਅਕਤੀ ਨੂੰ ਪੁਲਸ ਗ੍ਰਿਫਤਾਰ ਕਰੇਗੀ। ਬਹੁਤ ਸਾਰੇ ਸੰਗੀਨ ਮਾਮਲਿਆਂ 'ਚ ਅੰਗ੍ਰੇਜ਼ ਸਿੰਘ ਵੱਲੋਂ ਪੁੱਛਗਿਛ ਦੌਰਾਨ ਖੁਲਾਸੇ ਕਰਨ ਦੀ ਸੰਭਾਵਨਾ ਹੈ।

ਪੁਲਸ ਕਮਿਸ਼ਨਰ ਨੇ ਖੁਦ ਕੀਤੀ ਪੁੱਛਗਿੱਛ
ਅੰਗ੍ਰੇਜ਼ ਸਿੰਘ ਦੀ ਗ੍ਰਿਫਤਾਰੀ ਬਾਅਦ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਖੁਦ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਸੂਤਰਾਂ ਅਨੁਸਾਰ ਪੁਲਸ ਕਮਿਸ਼ਨਰ ਨੇ ਬਹੁਤ ਸਾਰੇ ਮਾਮਲਿਆਂ 'ਚ ਅੰਗ੍ਰੇਜ਼ ਸਿੰਘ ਨੂੰ ਕਈ ਸਵਾਲ ਕੀਤੇ ਅਤੇ ਕਈ ਸੰਗੀਨ ਮਾਮਲਿਆਂ 'ਚ ਉਸ ਦੀ ਸ਼ਮੂਲੀਅਤ ਸਾਹਮਣੇ ਵੀ ਆਈ।

shivani attri

This news is Content Editor shivani attri